ਚੰਡੀਗੜ੍ਹ:ਦੇਸ਼ ਹੋਵੇ ਜਾਂ ਕੋਈ ਸੂਬਾ ਖਜਾਨਾ ਮੰਤਰੀਆਂ ਦੀ ਬਜਟ ਤੋਂ ਪਹਿਲਾਂ ਸਰਕਾਰ ਤੇ ਸਰਕਾਰ ਦੇ ਕੰਮਾਂ ਦੀ ਭੂਮਿਕਾ ਆਮ ਚਰਚਾ ਦਾ ਵਿਸ਼ਾ ਬਣਦੀ ਹੈ। ਕੇਂਦਰ ਸਰਕਾਰ ਦੇ ਵਿਤ ਮੰਤਰੀਆਂ ਦੇ ਲੰਬੇ ਭਾਸ਼ਣ ਵੀ ਇਸੇ ਕੜੀ ਦਾ ਹਿੱਸਾ ਹਨ। ਹਾਲਾਂਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਵੀ ਬਜਟ ਦੌਰਾਨ ਕਈ ਰੌਚਕ ਗੱਲਾਂ ਕਹੀਆਂ ਗਈਆਂ ਹਨ। ਉਨ੍ਹਾਂ ਵਲੋਂ ਸਰਕਾਰ ਦੇ ਕੀਤੇ ਕੰਮਾਂ ਦੇ ਹਵਾਲੇ ਨਾਲ ਆਪਣੀ ਗੱਲ ਸ਼ੁਰੂ ਕੀਤੀ ਗਈ। ਚੀਮ ਵਲੋਂ ਸ਼ੁਰੂਆਤ ਵਿੱਚ ਪੰਜਾਬ ਦੇ ਗੁਰੂਆਂ ਪੀਰਾਂ ਦੀ ਧਰਤੀ ਦੇ ਹਵਾਲੇ ਨਾਲ ਆਪਣੀ ਗੱਲ ਸ਼ੁਰੂ ਕੀਤੀ ਗਈ। ਆਓ ਜਾਣਦੇ ਹਾਂ ਕਿ ਹਰਪਾਲ ਚੀਮਾ ਦੇ ਇਸ ਲੰਬੇ ਭਾਸ਼ਣ ਦੌਰਾਨ ਕਿਹੜੀਆਂ ਰੌਚਕ ਗੱਲਾਂ ਹਨ...
ਗੁਰੂਆਂ ਦੇ ਕਥਨ ਤੋਂ ਸ਼ੁਰੂ ਹੋਈ ਗੱਲ :ਹਰਪਾਲ ਚੀਮਾ ਦੇ ਹਾਲਾਂਕਿ ਆਪਣੀ ਗੱਲ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਲੋਕ ਪੱਖੀ ਕੰਮਾਂ ਤੋਂ ਸ਼ੁਰੂ ਕੀਤੀ ਪਰ ਗੁਰੂਆਂ ਦੇ ਕਥਨ ਅਤੇ ਸ਼ਾਇਰੀ ਦਾ ਵੀ ਸੁਮੇਲ ਵੇਖਣ ਨੂੰ ਮਿਲਿਆ ਹੈ। ਆਪਣੀ ਗੱਲ ਕਹਿੰਦਿਆਂ ਉਨ੍ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਕ ਕਥਨ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ 'ਬੇਗਮਪੁਰਾ ਸਹਰ ਕਾ ਨਾਉ, ਦੁੱਖ ਅੰਦੋਹੁ ਨਹੀਂ ਤਿਹਿ ਠਾਉ। ਚੀਮਾ ਵਲੋਂ ਹਾਲਾਂਕਿ ਇਸ ਕਥਨ ਦਾ ਹਵਾਲਾ ਇਸ ਤਰ੍ਹਾਂ ਦਿੱਤਾ ਗਿਆ ਕਿ ਪੰਜਾਬ ਦੇ ਹਾਲਾਤ ਬਹੁਤੇ ਠੀਕ ਨਹੀਂ ਹਨ ਤੇ ਆਮ ਆਦਮੀ ਪਾਰਟੀ ਇਸਨੂੰ ਸੁਧਾਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਸੂਬੇ ਦੇ ਹਾਲਾਤਾਂ ਵੱਲ ਧਿਆਨ ਕਰਨ ਦੀ ਲੋੜ ਉੱਤੇ ਜੋਰ ਦਿੱਤਾ ਹੈ।
ਸ਼ਾਇਰੀ ਨਾਲ ਪਿਛਲੀਆਂ ਸਰਕਾਰਾਂ ਉੱਤੇ ਵਾਰ:ਹਰਪਾਲ ਚੀਮਾ ਨੇ ਬਜਟ ਪੜ੍ਹਨ ਤੋਂ ਪਹਿਲਾਂ ਰਾਹਤ ਇੰਦੌਰੀ ਦਾ ਇਕ ਸ਼ੇਅਰ ਪੜ੍ਹਦਿਆਂ ਲੰਘੀਆਂ ਸਰਕਾਰਾਂ ਉੱਤੇ ਨਿਸ਼ਾਨਾਂ ਲਾਇਆ ਹੈ। ਚੀਮਾ ਨੇ ਪੜ੍ਹਿਆ ਕਿ...ਹਮ ਸੇ ਪਹਿਲੇ ਭੀ ਮੁਸਾਫਿਰ ਕਈ ਗੁਜ਼ਰੇ ਹੋਂਗੇ, ਕਮ ਸੇ ਕਮ ਰਾਹ ਕੇ ਪੱਥਰ ਹਟਾਤੇ ਜਾਤੇ। ਅਸਲ ਵਿੱਚ ਇਹ ਉਨ੍ਹਾਂ ਦਾ ਪਹਿਲੀਆਂ ਸਰਕਾਰਾਂ ਉੱਤੇ ਨਿਸ਼ਾਨਾਂ ਸੀ। ਉਨ੍ਹਾਂ ਬਿਨਾਂ ਨਾਂ ਲਏ ਇਹ ਕਿਹਾ ਕਿ ਬੇਸ਼ੱਕ ਪੰਜਾਬ ਦੇ ਜੋ ਮਰਜ਼ੀ ਹਾਲਾਤ ਸਨ ਪਰ ਇਸ ਦੀਆਂ ਔਕੜਾਂ ਤਾਂ ਦੂਰ ਕੀਤੀਆਂ ਜਾ ਸਕਦੀਆਂ ਹਨ ਜੋ ਇਸਦਾ ਵਿਕਾਸ ਨਹੀਂ ਹੋਣ ਦੇ ਰਹੀਆਂ।
ਸੀਐੱਮ ਭਗਵੰਤ ਮਾਨ ਦੀਆਂ ਤਾਰੀਫ਼ਾਂ ਦੇ ਪੁਲ਼:ਚੀਮਾ ਨੇ ਆਪਣੇ ਬਜਟ ਭਾਸ਼ਣ ਦੌਰਾਨ ਭਗਵੰਤ ਮਾਨ ਦੀ ਆਗੁਵਾਈ ਵਾਲੀ ਸਰਕਾਰ ਦੀਆਂ ਤਾਰੀਫਾਂ ਵੀ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮਾਨ ਦਾ ਸੁਪਨਾ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦਾ ਹੈ। ਸਰਕਾਰ ਪੰਜਾਬੀਆਂ ਦੀਆਂ ਆਸਾਂ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਸਰਕਾਰ ਕੰਮ ਕਰ ਰਹੀ ਹੈ। ਚੀਮਾ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਨੂੰ ਲੁਟਣ ਵਾਲੇ ਜੇਲ੍ਹਾਂ ਵਿਚ ਬੰਦ ਕੀਤੇ ਹਨ। ਇਸ ਤੋਂ ਇਲਾਵਾ ਆਮ ਆਦਮੀ ਕਲੀਨਕਾਂ ਨੇ ਸਿੱਧਾ ਲੋਕਾਂ ਦਾ ਫਾਇਦਾ ਕੀਤਾ ਹੈ। ਦੂਜੇ ਪਾਸੇ ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਦਾ ਪੈਸਾ ਲੋਕਾਂ ਉੱਤੇ ਲਗਾਇਆ ਜਾ ਰਿਹਾ ਹੈ।