ਚੰਡੀਗੜ੍ਹ ਡੈਸਕ :ਅਦਾਕਾਰ ਸੰਨੀ ਦਿਓਲ ਦਾ ਲਗਾਤਾਰ ਗੁਰਦਾਸਪੁਰ ਤੋਂ ਵਿਰੋਧ ਹੋ ਰਿਹਾ ਹੈ। ਖਾਸ ਕਰਕੇ ਉਨ੍ਹਾਂ ਦੀ ਫਿਲਮ ਗਦਰ-2 ਦਾ ਵੀ ਬਾਈਕਾਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਗੁਰਦਾਸਪੁਰ ਦੇ ਸੰਸਦੀ ਹਲਕੇ ਤੋਂ ਦੋ ਬਾਲੀਵੁੱਡ ਅਦਾਕਾਰ ਸੰਸਦ ਮੈਂਬਰ ਰਹਿ ਚੁੱਕੇ ਹਨ ਪਰ ਇਸ ਇਲਾਕੇ ਦਾ ਕਿਸੇ ਕੋਲੋਂ ਭਲਾ ਨਹੀਂ ਹੋ ਸਕਿਆ ਹੈ। ਗੁਰਦਾਸਪੁਰ ਦੇ ਲੋਕ ਆਪਣੇ ਸੰਸਦ ਮੈਂਬਰ ਤੋਂ ਖਫ਼ਾ ਨਜ਼ਰ ਆ ਰਹੇ ਹਨ।
ਅਦਾਕਾਰੀ ਹੀ ਕਰੇ ਸੰਨੀ ਦਿਓਲ :ਲੋਕਾਂ ਦਾ ਕਹਿਣਾ ਹੈ ਕਿ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣਨ ਤੋਂ ਲੈ ਕੇ ਹੁਣ ਤੱਕ ਸੰਨੀ ਦਿਓਲ ਵੱਲੋਂ ਇਲਾਕੇ ਦਾ ਕੋਈ ਵਿਕਾਸ ਕਾਰਜ ਨਹੀਂ ਕੀਤਾ ਗਿਆ। ਲੋਕਾਂ ਦਾ ਇਲਜ਼ਾਮ ਹੈ ਕਿ ਸੰਨੀ ਦਿਓਲ ਕਦੇ ਵੀ ਲੋਕ ਸਭਾ ਵਿੱਚ ਇਸ ਹਲਕੇ ਦੀ ਆਵਾਜ਼ ਬੁਲੰਦ ਨਹੀਂ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਅਦਾਕਾਰ ਹਨ ਤੇ ਉਨ੍ਹਾਂ ਨੂੰ ਇਹੀ ਕੰਮ ਕਰਨਾ ਚਾਹੀਦਾ ਹੈ। ਲੋਕਾਂ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਵਿੱਚ ਕੋਈ ਸਿਨੇਮਾ ਹਾਲ ਨਹੀਂ ਅਤੇ ਦੋ ਫਿਲਮੀ ਸਿਤਾਰੇ ਸੰਸਦ ਮੈਂਬਰ ਬਣਾ ਕੇ ਵੀ ਗੁਰਦਾਸਪੁਰ ਨੂੰ ਇਹ ਨਸੀਬ ਨਹੀਂ ਹੋਏ ਹਨ। ਲੋਕ ਇਹ ਵੀ ਕਹਿ ਰਹੇ ਹਨ ਕਿ ਜੇਕਰ ਸੰਨੀ ਦਿਓਲ ਨੇ ਅਦਾਕਾਰੀ ਕਰਨੀ ਹੈ ਤਾਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।