ਚੰਡੀਗੜ੍ਹ ਡੈਸਕ :ਸੂਬੇ ਦੀ ਪਾਵਰ ਕਾਰਪੋਰੇਸ਼ਨ ਬਿਜਲੀ ਚੋਰੀ ਕਰਨ ਵਾਲਿਆਂ ਤੋਂ ਪਰੇਸ਼ਾਨ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਅਤੇ ਇਸਨੂੰ 600 ਯੂਨਿਟਾਂ ਤੱਕ ਬਣਾ ਕੇ ਰੱਖਣ ਦੀ ਦੌੜ ਹੀ ਕੁੰਡੀ ਕਨੈਕਸ਼ਨ ਲਗਾਉਣ ਲਈ ਲੋਕਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ। ਨਤੀਜਾ ਇਹ ਨਿੱਕਲ ਰਿਹਾ ਹੈ ਕਿ ਸੂਬੇ ਵਿੱਚ ਬਿਜਲੀ ਚੋਰੀ ਹੁਣ ਸਾਲਾਨਾ 1500 ਕਰੋੜ ਤੱਕ ਅੱਪੜ ਗਈ ਹੈ। ਹਾਲਾਂਕਿ ਇਹ ਛੇ ਮਹੀਨੇ ਪਹਿਲਾਂ ਕਰੀਬ 1200 ਕਰੋੜ ਸਲਾਨਾ ਸੀ ਅਤੇ ਇਸ ਨਾਲ ਬਿਜਲੀ ਵਿਭਾਗ ਨੂੰ ਕਈ ਸੌ ਕਰੋੜ ਦਾ ਸਿੱਧਾ ਝਟਕਾ ਲੱਗ ਰਿਹਾ ਸੀ। ਬੇਸ਼ੱਕ ਸਰਕਾਰ ਨੇ ਬਿਜਲੀ ਚੋਰੀ ਦੇ ਖਿਲਾਫ ਮੁਹਿੰਮ ਵੀ ਵਿੱਢ ਰੱਖੀ ਹੈ ਪਰ ਫਿਰ ਵੀ ਬਿਜਲੀ ਚੋਰੀ ਰੁਕਣ ਦਾ ਨਾਂ ਨਹੀਂ ਲੈ ਰਹੀ।
600 ਯੂਨਿਟ ਤੱਕ ਹੈ ਬਿੱਲ ਮੁਆਫ਼ :ਮਾਨ ਸਰਕਾਰ ਨੇ ਆਪਣੇ ਵਾਅਦੇ ਮੁਤਾਬਿਕ ਦੋ ਮਹੀਨਿਆਂ ਦੀਆਂ ਬਿਜਲੀ ਬਿੱਲ ਦੀਆਂ 600 ਯੂਨਿਟਾਂ ਤੱਕ ਮੁਆਫ਼ੀ ਦਿੱਤੀ ਹੋਈ ਹੈ। ਇਸ ਤੋਂ ਉੱਪਰ ਦੀਆਂ ਬਿਜਲੀ ਯੂਨਿਟਾਂ ਫੂਕਣ ਵਾਲੇ ਲੋਕਾਂ ਨੂੰ ਬਿੱਲ ਭਰਨਾ ਪੈਂਦਾ ਹੈ। ਇਸ ਲ਼ਈ ਲੋਕਾਂ ਨੇ ਵਿਚਾਲੇ ਦਾ ਰਾਹ ਕੱਢਦਿਆਂ ਕੁੰਡੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ 600 ਯੂਨਿਟਾਂ ਵੀ ਮਿਲਣ ਅਤੇ ਬਿੱਲ ਵੀ ਨਾ ਭਰਨਾ ਪਵੇ। ਹਾਲਾਂਕਿ ਪਿੰਡਾਂ ਵਿੱਚ ਪਹਿਲਾਂ ਵੀ ਬਿਜਲੀ ਚੋਰੀ ਅਤੇ ਕੁੰਡੀ ਕਨੈਕਸ਼ਨ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਪਰ ਹੁਣ ਸ਼ਹਿਰਾਂ ਵਾਲੇ ਵੀ ਇਸੇ ਰਾਹ ਤੁਰ ਪਏ ਹਨ।