ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਪ੍ਰਭਾਵ ਵਧਦਾ ਹੀ ਜਾ ਰਿਹਾ ਹੈ। ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਤੋਂ ਬਾਅਦ ਉਨ੍ਹਾਂ ਦੀ ਬੇਟੀ ਦੀ ਵੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਉੱਥੇ ਹੀ ਫ਼ਰੀਦਕੋਟ ਅਤੇ ਮਾਨਸਾ ਵਿੱਚ ਕ੍ਰਮਵਾਰ 1 ਅਤੇ 3 ਨਵੇਂ ਮਾਮਲੇ ਸਾਹਮਣੇ ਆਏ ਹਨ। ਫ਼ਰੀਦਕੋਟ ਤੇ ਮਾਨਸਾ ਜ਼ਿਲਿਆਂ ਵਿੱਚ ਇਹ ਕੋਰੋਨਾ ਦੇ ਪਹਿਲੇ ਮਾਮਲੇ ਹਨ।
ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਤੋਂ ਬਾਅਦ ਉਨ੍ਹਾਂ ਦੀ ਬੇਟੀ ਦੀ ਵੀ ਕੋਰੋਨਾ ਵਾਇਰਸ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਇਸ ਦੀ ਜਾਣਕਾਰੀ ਮੁੱਖ ਸਕੱਤਰ ਕਰਨਬੀਰ ਸਿੰਘ ਸਿੱਧੂ ਨੇ ਟਵੀਟ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ।
ਮਾਨਸਾ ਵਿੱਚ ਤਿੰਨ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਇਹ ਤਿੰਨੋਂ ਵਿਅਕਤੀ ਨਿਜ਼ਾਮੂਦੀਨ ਦੇ ਤਬਲੀਗੀ ਜਮਾਤ ਵਿੱਚ ਸ਼ਾਮਲ ਹੋ ਕੇ ਆਏ ਹਨ। ਇਹ ਪੀੜਤ ਜ਼ਿਲ੍ਹੇ ਦੇ ਬੁਢਲਾਡਾ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਨ੍ਹਾਂ ਤਿੰਨਾਂ ਪੀੜਤਾਂ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।
ਦੱਸਣਯੋਗ ਹੈ ਕਿ ਜ਼ਿਲ੍ਹੇ ਵਿੱਚ ਤਬਲੀਗੀ ਜਮਾਤ ਦੇ 11 ਵਿਅਕਤੀਆਂ ਦੇ ਨਮੂਨੇ ਟੈਸਟ ਲਈ ਲਏ ਗਏ ਸਨ। ਜਿਨ੍ਹਾਂ ਵਿੱਚੋਂ ਤਿੰਨ ਵਿਅਕਤੀਆਂ ਦੀ ਰਿਪੋਰਟ ਪੌਜ਼ੀਟਿਵ ਆਈ। ਇਸੇ ਤਰ੍ਹਾਂ ਹੀ ਫ਼ਰੀਦਕੋਟ ਵਿੱਚ ਆਏ ਪਹਿਲੇ ਮਾਮਲੇ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਵਿਸ਼ੇਸ਼ ਮੁੱਖ ਸਕੱਤਰ ਕਰਨਬੀਰ ਸਿੰਘ ਸਿੱਧੂ ਨੇ ਦਿੱਤੀ ਹੈ। ਕੋਰੋਨਾ ਪੀੜਤ ਵਿਅਕਤੀ ਦੀ ਪਹਿਚਾਣ ਅਨੰਦ ਗੋਇਲ ਦੇ ਤੌਰ 'ਤੇ ਹੋਈ ਹੈ।
ਇਨ੍ਹਾਂ ਨਵੇਂ ਆਏ ਮਾਮਲਿਆਂ ਦੇ ਪੰਜਾਬ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 55 ਹੋ ਗਈ ਹੈ। ਇਸੇ ਨਾਲ ਹੀ ਪ੍ਰਸਿੱਧ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਸਮੇਤ 5 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।