ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਦਾ ਇਕ ਟਵੀਟ ਸੂਬੇ ਦੀ ਸਿਆਸਤ ਅਤੇ ਧਾਰਮਿਕ ਸਫਾਂ ਵਿੱਚ ਅੱਗ ਵਾਂਗ ਫੈਲ ਰਿਹਾ ਹੈ। ਦਰਅਸਲ ਇਹ ਟਵੀਟ ਮਾਨ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਅਲਟੀਮੇਟਮ ਦਾ ਜਵਾਬ ਵਿੱਚ ਕੀਤਾ ਗਿਆ ਹੈ, ਜਿਸ ਵਿੱਚ ਜਥੇਦਾਰ ਵਲੋਂ ਸਰਕਾਰ ਨੂੰ ਕਿਹਾ ਗਿਆ ਸੀ ਕਿ ਜੇਕਰ ਸਰਕਾਰ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ 24 ਘੰਟਿਆਂ ਅੰਦਰ ਨਹੀਂ ਛੱਡਦੀ ਤਾਂ ਕੌਮ ਫੈਸਲਾ ਕਰੇਗੀ ਕਿ ਕੀ ਕਰਨਾ ਹੈ।
ਕੀ ਲਿਖਿਆ ਮਾਨ ਨੇ ਟਵੀਟ ਵਿੱਚ:ਜੇਕਰ ਮਾਨ ਦੇ ਟਵੀਟ ਦੀ ਗੱਲ ਕਰੀਏ ਤਾਂ ਮਾਨ ਵਲੋਂ ਲਿਖਿਆ ਗਿਆ ਹੈ...''ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ। ਸਭ ਨੂੰ ਪਤਾ ਹੈ ਤੁਸੀਂ ਤੇ SGPC ਬਾਦਲਾਂ ਦਾ ਪੱਖ ਪੂਰਦੇ ਰਹੇ ਹੋ। ਇਤਿਹਾਸ ਦੇਖੋ ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸੁਆਰਥ ਲਈ ਵਰਤਿਆ। ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਅਤੇ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਲਈ ਜਾਰੀ ਕਰਦੇ ਨਾ ਕਿ ਹੱਸਦੇ-ਵੱਸਦੇ ਲੋਕਾਂ ਨੂੰ ਭੜਕਾਉਣ ਲਈ।''
ਮਾਨ ਦੇ ਟਵੀਟ ਉੱਤੇ ਭਖੀ ਸਿਆਸਤ:ਮਾਨ ਨੇ ਬਕਾਇਦਾ ਆਪਣੇ ਟਵੀਟ ਵਿੱਚ ਬਾਦਲ ਪਰਿਵਾਰ ਦਾ ਜਿਕਰ ਕੀਤਾ ਹੈ। ਇਸ ਤੋਂ ਬਾਅਦ ਪੰਜਾਬ ਵਿਚ ਸਿਆਸਤ ਭਖਣ ਤੇ ਮਾਨ ਨੂੰ ਵਿਰੋਧ ਦਾ ਸਾਹਮਣਾ ਕਰਨ ਵਾਲਾ ਹਾਲਾਤ ਵੀ ਬਣ ਰਹੇ ਹਨ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਮਾਨ ਦੇ ਟਵੀਟ ਤੋਂ ਬਾਅਦ ਆਪਣਾ ਪ੍ਰਤੀਕਰਮ ਦਿੱਤਾ ਹੈ। ਖਹਿਰਾ ਨੇ ਵੀ ਟਵੀਟ ਕੀਤੀ ਹੈ। ਆਪਣੇ ਟਵੀਟ ਵਿੱਚ ਖਹਿਰਾ ਨੇ ਲਿਖਿਆ ਹੈ ਕਿ...'' ਬੜੇ ਦੁੱਖ ਦੀ ਗੱਲ ਹੈ ਕਿ @BhagwantMannਦਮਨ ਚੱਕਰ ਦੇ ਸ਼ਿਕਾਰ ਹੋਏ ਸਿੱਖ ਨੌਜਵਾਨਾਂ ਨੂੰ ਇਨਸਾਫ਼ ਦੇਣ ਦੇ ਬਜਾਏ ਉਲਟਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਝੇਡਾਂ ਕਰ ਰਿਹਾ ਹੈ। ਇੰਜ ਲੱਗਦਾ ਹੈ ਕਿ ਦਿੱਲੀ ਦੇ ਇਸ਼ਾਰਿਆਂ ਉੱਪਰ ਚੱਲਦਿਆਂ ਸੱਤਾ ਦੇ ਨਸ਼ੇ ਵਿੱਚ ਚੂਰ ਹੈ ਅਤੇ ਰੱਬ ਨੂੰ ਵੀ ਭੁੱਲ ਗਿਆ ਹੈ।
ਇਹ ਵੀ ਪੜ੍ਹੋ :ਸੀਐੱਮ ਮਾਨ ਨੇ ਪੁਲਿਸ ਨੂੰ ਹਾਈਟੈੱਕ ਕਰਨ ਦੀ ਕੀਤੀ ਤਿਆਰੀ, ਕਿਹਾ-ਫੌਰੀ ਤੌਰ ਉੱਤੇ ਕੀਤੇ ਜਾਣਗੇ ਸੁਧਾਰ
ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਦੀ ਅਗੁਵਾਈ ਵਿੱਚ ਸਿੱਖ ਸੰਪਰਦਾਵਾਂ, ਜਥੇਬੰਦੀਆਂ, ਸਿੱਖ ਵਿਦਵਾਨਾਂ, ਪੱਤਰਕਾਰਾਂ ਅਤੇ ਹੋਰ ਨਾਮਵਰ ਬੁੱਧੀਜੀਵੀਆਂ ਦਾ ਵੱਡਾ ਇਕੱਠ ਹੋਇਆ ਸੀ। ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਸ਼ਿਆਂ ਤੇ ਪਤਿਤਪੁਣੇ ਦੇ ਖਿਲਾਫ ਨੌਜਵਾਨਾਂ ਨੂੰ ਇਕਜੁਟ ਹੋਣ ਦਾ ਸੱਦਾ ਦਿੱਤਾ ਸੀ। ਇਸ ਤੋਂ ਇਲਾਵਾ ਅੰਮ੍ਰਿਤਪਾਲ ਅਤੇ ਅਜਨਾਲਾ ਘਟਨਾ ਤੋਂ ਬਾਅਦ ਸਰਕਾਰ ਵਲੋਂ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ 24 ਘੰਟੇ ਅੰਦਰ ਰਿਹਾਅ ਕਰਨ ਦਾ ਅਲਟੀਮੇਟਮ ਵੀ ਦਿੱਤਾ ਸੀ।