ਨਵੀਂ ਦਿੱਲੀ : ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਕਾਂਗਰਸ ਵਿੱਚ ਇਕ ਦੂਜੇ ਦੀਆਂ ਲੱਤਾਂ ਖਿੱਚਣ ਦੇ ਚਲਦੇ ਪੈਦਾ ਹੋਏ ਕਲਚਰ ਨੂੰ ਰੋਕਣ ਨੂੰ ਆਖਰ ਕਾਂਗਰਸ ਹਾਈਕਮਾਨ ਨੂੰ ਅੱਗੇ ਆਉਣਾ ਪਿਆ। ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਇਸ ਚਲਦੇ ਘਮਾਸਾਣ ਨੂੰ ਠੱਲ੍ਹਣ ਲਈ ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾ ਅਰਜੁਨ ਖੜਗੇ ਦੀ ਅਗਵਾਈ ਵਿੱਚ ਇਕ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ। ਜਿਸ ਨੇ ਸਾਰੇ ਕਾਂਗਰੀ ਵਿਧਾਇਕਾਂ, ਸੰਸਦ ਮੈਂਬਰਾਂ ਤੇ ਮੰਤਰੀਆਂ ਸਮੇਤ ਅੱਜ ਮੁੱਖ ਮੰਤਰੀ ਨੇ ਪੈਨਲ ਨਾਲ ਮੀਟਿੰਗ ਕਰ ਕੇ ਆਪਣਾ-ਆਪਣਾ ਪੱਖ ਰੱਖਿਆ। ਹੁਣ ਸਾਰੇ ਘਟਨਾਕ੍ਰਮ ਦਾ ਨਿਚੋੜ ਪੈਨਲ ਇਕ ਦੋ ਦਿਨਾਂ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦੇਵੇਗਾ।
ਕਾਟੋ ਕਲੇਸ਼ ਨੂੰ ਤੇ ਬਿਆਨਬਾਜ਼ੀ ਨੂੰ ਦੇਖਦਿਆਂ ਇਹ ਪੈਨਲ ਬਣਾਇਆ : ਜੇ.ਪੀ. ਅਗਰਵਾਲ
ਜਿਥੇ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਿੰਨ ਘੰਟਿਆਂ ਦੀ ਲੰਬੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੁੂੰ ਸਿਰਫ਼ ਏਨਾ ਕਹਿ ਕੇ ਚਲਦੇ ਬਣੇ ਕਿ ਇਹ ਮੀਟਿੰਗ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੀ ਕੀ ਰਣਨੀਤੀ ਰਹੇਗੀ ਬਾਰੇ ਹੋਈ ਹੈ ਪਰ ਪੈਨਲ ਦੇ ਮੁੱਖ ਮੈਂਬਰ ਜੀ.ਪੀ. ਅਗਰਵਾਲ ਨੇ ਮੰਨਿਆ ਕਿ ਪੰਜਾਬ 'ਚ ਕਾਂਗਰਸ ਦੇ ਕਾਟੋ ਕਲੇਸ਼ ਨੂੰ ਤੇ ਬਿਆਨਬਾਜ਼ੀ ਨੂੰ ਦੇਖਦਿਆਂ ਇਹ ਪੈਨਲ ਬਣਾਇਆ ਗਿਆ ਸੀ।
ਪੈਨਲ ਨੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਸੁਣਿਆ : ਜੇ.ਪੀ.
ਇਸ ਮੌਕੇ ਜੇਪੀ ਅਗਰਵਾਲ ਨੇ ਦੱਸਿਆ ਕਿ ਬੀਤੇ ਦਿਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਨਵਜੋਤ ਸਿੱਧੂ ਵਿਚਾਲੇ ਹੋਈ ਨੋਕਝੋਕ ਨੂੰ ਲੈ ਕੇ ਹਾਈਕਮਾਨ ਨੇ ਪੈਨਲ ਬਣਾਇਆ ਹੈ। ਪੈਨਲ ਨੇ ਦੋਵਾਂ ਮੁੱਖ ਨੇਤਾਵਾਂ ਤੇ ਪਾਰਟੀ ਦੇ ਵਿਧਾਇਕਾਂ ਤੇ ਮੰਤਰੀ ਨੂੰ ਸੁਣਿਆ। ਇਸ ਦੌਰਾਨ ਜੋ ਸਾਹਮਣੇ ਆਇਆ ਉਸਦੀ ਰਿਪੋਰਟ ਤਿਆਰ ਕਰ ਕੇ ਪਾਰਟੀ ਹਾਈਕਮਾਨ ਨੂੰ ਭੇਜ ਦਿੱਤੀ ਜਾਵੇਗੀ।