ਚੰਡੀਗੜ੍ਹ: ਲੱਦਾਖ ਦੀ ਗਲਵਾਨ ਘਾਟੀ ਵਿਖੇ ਵਾਪਰੇ ਹਾਦਸੇ ਨੂੰ ਲੈ ਕੇ ਦੇਸ਼ ਵਿੱਚ ਸਿਆਸੀ ਆਗੂਆਂ ਵੱਲੋਂ ਆਪਣੇ-ਆਪਣੇ ਬਿਆਨ ਦਿੱਤੇ ਜਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਭਾਰਤ-ਚੀਨ ਝੜਪ ਵਿੱਚ ਭਾਰਤੀ ਫ਼ੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਭਾਰਤੀ-ਚੀਨ ਝੜਪ ਸਬੰਧੀ ਬਿਆਨ ਦਿੱਤੇ ਸਨ, ਉਨ੍ਹਾਂ ਬਾਰੇ ਦੱਸਦੇ ਹੋਏ ਕੈਪਟਨ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਨੇ ਜੋ ਵੀ ਬਿਆਨ ਦਿੱਤੇ ਹਨ, ਉਹ ਬਿਲਕੁਲ ਸੋਚ-ਸਮਝ ਕੇ ਦਿੱਤੇ ਗਏ ਹਨ।
ਸੰਧੂ ਨੇ ਮੁੱਖ ਮੰਤਰੀ ਦਾ ਪੱਖ ਪੂਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖ਼ੁਦ ਫ਼ੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ। ਇਸ ਲਈ ਉਨ੍ਹਾਂ ਨੂੰ ਬਾਖ਼ੂਬੀ ਪਤਾ ਹੈ ਕਿ ਇਹ ਹਾਦਸਾ ਬਹੁਤ ਹੀ ਦਰਦਨਾਕ ਹੈ। ਇੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਵੀ ਉਸ ਖੇਤਰ ਵਿੱਚ ਡਿਊਟੀ ਦੇ ਚੁੱਕੇ ਹਨ।
ਤੁਹਾਨੂੰ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਭਾਰਤ-ਚੀਨ ਦੀ ਝੜਪ ਵਿੱਚ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਦੀ ਸ਼ਹੀਦੀ ਦਾ ਜ਼ਿੰਮੇਵਾਰ ਬੀਜੇਪੀ ਸਰਕਾਰ ਨੂੰ ਠਹਿਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਫ਼ੌਜੀਆਂ ਕੋਲ ਹਥਿਆਰ ਸਨ ਤਾਂ ਉਨ੍ਹਾਂ ਨੂੰ ਹਥਿਆਰ ਚਲਾਉਣ ਦੀ ਆਗਿਆ ਕਿਉਂ ਨਹੀਂ ਸੀ। ਜੇ ਫ਼ੌਜੀਆਂ ਨੇ ਡੰਡਿਆਂ ਨਾਲ ਹੀ ਲੜਨਾ ਹੈ ਤਾਂ ਆਰ.ਐੱਸ.ਐੱਸ ਨੂੰ ਸਰਹੱਦਾਂ ਉੱਤੇ ਭੇਜ ਦਿੱਤਾ ਜਾਣਾ ਚਾਹੀਦਾ ਹੈ।
ਸੰਧੂ ਨੇ ਕਿਹਾ ਕਿ ਕੈਪਟਨ ਖ਼ੁਦ ਇੱਕ ਹਿਸਟੋਰੀਅਨ ਹਨ, ਫ਼ੌਜੀ ਹਨ, ਇਸ ਲਈ ਉਨ੍ਹਾਂ ਨੂੰ ਪਤਾ ਹੈ ਕਿ ਕੀ ਕਹਿਣਾ ਹੈ। ਉਨ੍ਹਾਂ ਕਿਹਾ ਕਿ ਹੁਣ ਹਿੰਦੀ-ਚੀਨੀ, ਭਾਈ-ਭਾਈ ਵਾਲਾ ਸਮਾਂ ਚਲਾ ਗਿਆ। ਦੁਸ਼ਮਣ ਤਾਂ ਦੁਸ਼ਮਣ ਹੀ ਹੁੰਦਾ ਹੈ।