ਚੰਡੀਗੜ੍ਹ: ਕਾਰਗਿਲ ਜੰਗ ਦੇ 20 ਵੀਂ ਵਰ੍ਹੇਗੰਢ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿਜੈ ਦਿਵਸ ਸਮਾਗਮ ਦੌਰਾਨ ਜੰਗ ਦੇ ਪੰਜਾਬ ਦੇ 54 ਜਵਾਨਾਂ ਸਮੇਤ ਸਮੂਹ ਸ਼ਹੀਦਾਂ ਦੀ ਬਹਾਦਰੀ ਨੂੰ ਨਮਨ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਨਾਲ ਹੀ ਇੱਕ ਕਾਰਗਿਲ ਜੰਗ ਦੇ ਜਾਂਬਾਜ਼ ਸੈਨਿਕ ਨਾਇਕ ਸਤਪਾਲ ਸਿੰਘ ਵੱਲੋਂ ਮਹਿਜ਼ ਸੀਨੀਅਰ ਕਾਂਸਟੇਬਲ ਦੇ ਤੌਰ 'ਤੇ ਡਿਊਟੀ ਨਿਭਾਉਣ ਦਾ ਪਤਾ ਲੱਗਣ ਦੇ ਚੰਦ ਘੰਟਿਆਂ ਦੇ ਅੰਦਰ ਹੀ ਵੀਰ ਚੱਕਰ ਐਵਾਰਡੀ ਨੂੰ ਦੂਹਰੀ ਤਰੱਕੀ ਦੇਣ ਦੇ ਹੁਕਮ ਦਿੱਤੇ।
ਸਤਪਾਲ ਸਿੰਘ ਦੀ ਹਾਲਤ 'ਤੇ ਮੁੱਖ ਮੰਤਰੀ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਕਾਰਗਿਲ ਜੰਗ ਦੌਰਾਨ ਮਿਸਾਲੀ ਬਹਾਦਰੀ ਦਿਖਾਉਣ ਤੋਂ ਬਾਅਦ ਇੱਕ ਸੀਨੀਅਰ ਕਾਂਸਟੇਬਲ ਵਜੋਂ ਡਿਊਟੀ ਨਿਭਾਉਂਦਿਆਂ ਸਤਪਾਲ ਸਿੰਘ ਨੂੰ ਨਮੋਸ਼ੀ ਸਹਿਣੀ ਪਈ ਜੋ ਕਿ ਅਕਾਲੀਆਂ ਵੱਲੋਂ ਉਸ ਦੇ ਦੇਸ਼ ਪ੍ਰਤੀ ਯੋਗਦਾਨ ਨੂੰ ਬਣਦਾ ਸਤਿਕਾਰ ਨਾ ਦੇਣ ਦਾ ਨਤੀਜਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਤਪਾਲ ਸਿੰਘ ਬਾਰੇ ਰਿਪੋਰਟ ਪੜ੍ਹਣ ਤੋਂ ਬਾਅਦ ਹੋਈ ਭੁੱਲ ਨੂੰ ਤੁਰੰਤ ਸੁਧਾਰਨ ਦਾ ਫੈਸਲਾ ਕੀਤਾ।
ਜਾਣਕਾਰੀ ਮੁਤਾਬਕ ਫੌਜ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਸਤਪਾਲ ਸਿੰਘ ਪੁਲਿਸ ਵਿੱਚ ਭਰਤੀ ਹੋਇਆ ਜਿਸ ਦਾ ਬੈਲਟ ਨੰਬਰ 2116/ਐੱਸ.ਜੀ.ਆਰ. ਹੈ। ਕਾਰਗਿਲ ਜੰਗ ਦੌਰਾਨ ਸ਼ਾਨਦਾਰ ਯੋਗਦਾਨ ਦੇ ਸਤਿਕਾਰ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਆਦੇਸ਼ 'ਤੇ ਸਤਪਾਲ ਨੂੰ ਅਸਿਸਟੈਂਟ ਸਬ-ਇੰਸਪੈਕਟਰ ਦੇ ਤੌਰ 'ਤੇ ਦੂਹਰੀ ਤਰੱਕੀ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਸਤਪਾਲ ਨੂੰ ਸਪੈਸ਼ਲ ਕੇਸ ਵਜੋਂ ਡੀ.ਜੀ.ਪੀ. ਵੱਲੋਂ ਪੰਜਾਬ ਪੁਲਿਸ ਰੂਲਜ਼ ਦੇ ਰੂਲ ਨੰ:12.3 ਵਿੱਚ ਢਿੱਲ ਦੇ ਕੇ ਏ.ਐੱਸ.ਆਈ. ਵਜੋਂ ਭਰਤੀ ਕੀਤਾ ਜਾਵੇਗਾ। ਇਸ ਸਬੰਧ ਵਿੱਚ ਢਿੱਲ ਦੇਣ ਲਈ ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਅਧਿਕਾਰਿਤ ਕੀਤਾ ਹੈ। ਮੁੱਖ ਮੰਤਰੀ ਨੇ ਸੀਨੀਅਰ ਕਾਂਸਟੇਬਲ ਸਤਪਾਲ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਏ.ਐੱਸ.ਆਈ. ਭਰਤੀ ਕਰਨ ਲਈ ਉਸ ਦੀ ਉਮਰ (ਜਨਮ ਮਿਤੀ 7.11.1973) ਦੀ ਉਮਰ ਵਿੱਚ ਢਿੱਲ ਦੇਣ ਲਈ ਵੀ ਡੀ.ਜੀ.ਪੀ. ਨੂੰ ਅਧਿਕਾਰਿਤ ਕੀਤਾ ਹੈ।