ਚੰਡੀਗੜ੍ਹ: ਅਜਨਾਲਾ ਵਿੱਚ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਆਪਣੇ ਸਾਥੀਆਂ ਦੇ ਹੱਕ ਵਿੱਚ ਪਹਿਲਾਂ ਥਾਣੇ ਦਾ ਘਿਰਾਓ ਕੀਤਾ ਅਤੇ ਫਿਰ ਪੁਲਿਸ ਥਾਣੇ ਉੱਤੇ ਹਮਲਾ ਕਰ ਦਿੱਤਾ। ਇਸ ਪੂਰੇ ਵਾਕੇ ਨੂੰ ਲੈਕੇ ਹੁਣ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਹੈ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਟੀਵੀ ਚੈਨਲ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਪਿੱਛੇ ਆਈਐਸਆਈ ਦਾ ਹੱਥ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਵੀ ਮੰਗ ਕੀਤੀ ਹੈ।
ਪ੍ਰਿਤਪਾਲ ਨੇ ਕੀਤਾ ਟਵੀਟ:ਪੂਰੇ ਮਾਮਲੇ ਨੂੰ ਟਾਰਗੇਟ ਕਰਦਿਆਂ ਪ੍ਰਿਤਪਾਲ ਸਿੰਘ ਬਲਿਆਵਾਲ ਨੇ ਟਵੀਟ ਕਰਦਿਆਂ ਪੰਜਾਬ ਸਰਕਾਰ ਦੀ ਉਦਯੋਗਿਕ ਸਮਿਟ ਅਤੇ ਕਾਨੂੰਨ ਵਿਵਸਥਾ ਨੂੰ ਅਜਨਾਲਾ ਦੀ ਘਟਨਾ ਨਾਲ ਜੋੜ ਕੇ ਟਾਰਗੇਟ ਕੀਤਾ ਹੈ। ਪ੍ਰਿਤਪਾਲ ਸਿੰਘ ਨੇ ਟਵੀਟ ਕਰਦਿਆਂ ਲਿਖਿਆ ਕਿ, "ਪੰਜਾਬ ਸਰਕਾਰ #InvestPunjab ਸੰਮੇਲਨ ਵਿੱਚ ਅੱਜ ਆਏ ਨਿਵੇਸ਼ਕਾਂ ਨੂੰ ਯਕੀਨੀ ਬਣਾ ਰਹੀ ਹੈ ਕਿ ਤੁਹਾਨੂੰ ਅਮਨ-ਕਾਨੂੰਨ ਦੀ ਸਥਿਤੀ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਤੋਂ ਇਹ ਅੰਮ੍ਰਿਤਪਾਲ ਸਮਰਥਕਾਂ ਦੇ ਸੁਰੱਖਿਅਤ ਹੱਥਾਂ ਵਿੱਚ ਹੈ। ਪੰਜਾਬ ਪੁਲਿਸ ਨਜ਼ਰਬੰਦ ਹੈ? ਗੰਭੀਰ ਮਾਮਲਾ ਕਿਉਂਕਿ ਅਸੀਂ ਸਰਹੱਦੀ ਸੂਬੇ ਹਾਂ !
ਇਹ ਵੀ ਪੜ੍ਹੋ:Controversy again Governor and CM Mann: ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਦਿੱਤੀ ਚਿਤਾਵਨੀ
ਵਿਰੋਧੀਆਂ ਨੇ ਕੱਸੇ ਉਦਯੋਗਿਕ ਸਿਮਟ ਉੱਤ ਤੰਜ: ਦੱਸ ਦਈਏ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਅੱਜ ਤੋਂ ਸ਼ੁਰੂ ਹੋਈ ਉਦਯੋਗਿਕ ਸਮਿਟ ਨੂੰ ਪੰਜਾਬ ਕਾਂਗਰਸ ਅਤੇ ਭਾਜਪਾ ਨੇ ਵੀ ਨਿਸ਼ਾਨੇ ਉੱਤੇ ਲਿਆ ਹੈ। ਕਾਂਗਰਸ ਅਤੇ ਭਾਜਪਾ ਦੇ ਆਗੂਆਂ ਕੰਵਰ ਹਰਪ੍ਰੀਤ ਸਿੰਘ ਅਤੇ ਹਰਜੀਤ ਗਰੇਵਾਲ ਨੇ ਕਿਹਾ ਕਿ ਅੱਜ ਪੰਜਾਬ ਦੇ ਅੰਦਰ ਗੈਂਗਸਟਰਾਂ ਅਤੇ ਗੁੰਡੇ ਅਨਸਰਾਂ ਦਾ ਬੋਲਬਾਲਾ ਹੈ ਜਿਸ ਕਰਕੇ ਪੰਜਾਬ ਦਾ ਉਦਯੋਗਪਤੀ ਪੰਜਾਬ ਛੱਡ ਕੇ ਭੱਜ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਾਵੇਂ ਉਦਯੋਗਿਕ ਸਮਿਟ ਦੇ ਨਾਂਅ ਦਾ ਵੱਡਾ ਪ੍ਰਚਾਰ ਕਰਕੇ ਡਰਾਮੇ ਕਰ ਰਹੀ ਹੈ ਪਰ ਇਹ ਸਚਾਈ ਵੀ ਕਿਸੇ ਤੋਂ ਲੁਕੀ ਨਹੀਂ ਹੈ ਕਿ ਪੰਜਾਬ ਦੇ ਅੰਦਰ ਕਾਨੂੰਨੀ ਵਿਵਸਥਾ ਇਹੋ ਜਿਹੀ ਹੋ ਚੁੱਕੀ ਹੈ ਕਿ ਕੋਈ ਵੀ ਆਪਣੇ ਆਪ ਨੂੰ ਸੂਬੇ ਵਿੱਚ ਸੁਰੱਖਿਅਤ ਨਹੀਂ ਸਮਝ ਰਿਹਾ। ਉਨ੍ਹਾਂ ਕਿਹਾ ਕਿ ਅਜਨਾਲਾ ਵਿੱਚ ਅੱਜ ਜੋ ਘਟਨਾਕ੍ਰਮ ਹੋਇਆ ਹੈ ਉਸ ਨੇ ਪੰਜਾਬ ਸਰਕਾਰ ਦੇ ਸ਼ਾਂਤੀ ਬਹਾਲੀ ਦੇ ਸਾਰੇ ਢੋਂਗ ਨੂੰ ਲੋਕਾਂ ਦੇ ਅੱਗੇ ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਸੂਬੇ ਅੰਦਰ ਸਚਮੁੱਚ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਲਿਆਉਣਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਹਾਸ਼ੀਏ ਉੱਤੇ ਪਹੁੰਚ ਚੁੱਕੀ ਕਾਨੂੰਨ ਵਿਵਸਥਾ ਨੂੰ ਸਹੀ ਕਰੇ।