ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਨੇ ਜਿੱਥੇ ਅਕਾਲੀ ਦਲ ਨਾਲ ਗਠਜੋੜ ਤੋੜ ਦਿੱਤਾ ਹੈ ਉੱਥੇ ਹੀ ਦੂਜੇ ਪਾਸੇ ਸੀਏਏ ਨੂੰ ਲੈ ਕੇ ਅਕਾਲੀਆਂ ਦੇ ਸਟੈਂਡ 'ਤੇ ਸਿਆਸਤ ਕਾਫੀ ਭੱਖ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਦੇ ਸਟੈਂਡ 'ਤੇ ਸੁਖਬੀਰ ਬਾਦਲ 'ਤੇ ਨਿਸ਼ਾਨੇ ਵਿੰਨ੍ਹੇ ਹਨ। ਕੈਪਟਨ ਨੇ ਸੁਖਬੀਰ ਬਾਦਲ ਨੂੰ ਇੱਕ ਚਿੱਠੀ ਲਿੱਖ ਕੇ ਹਿਟਲਰ ਦੀ ਜੀਵਨੀ ਨਾਲ ਸਬੰਧਤ ਕਿਤਾਬ ਨੂੰ ਪੜਨ ਦੀ ਸਲਾਹ ਦਿੱਤੀ ਹੈ।
ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗੈਰ-ਸੰਵਿਧਾਨਕ ਕਾਨੂੰਨਾਂ ਦੇ ਖਤਰਨਾਕ ਪ੍ਰਭਾਵਾਂ ਨੂੰ ਸਮਝਣ ਲਈ ਕੈਪਟਨ ਨੇ ਹਿਟਲਰ ਦੀ ਸਵੈ-ਜੀਵਨੀ ਦੀ ਕਿਤਾਬ ਬਾਦਲ ਨੂੰ ਪੜਨ ਲਈ ਕਿਹਾ ਹੈ। ਕੈਪਟਨ ਨੇ ਕਿਹਾ ਕਿ ਹਿਟਲਰ ਦੇ ਏਜੰਡੇ ਨੂੰ ਦੁਹਰਾਉਣ ਦੀਆਂ ਕੇਂਦਰ ਦੀਆਂ ਮੌਜੂਦਾ ਕੋਸ਼ਿਸ਼ਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਲਈ ਸਿਟੀਜ਼ਨਸ਼ਿਪ ਸੋਧ ਐਕਟ (ਸੀ.ਏ.ਏ) 'ਤੇ ਤਰਕਹੀਣ ਪ੍ਰਤੀਕਰਮ ਸਾਹਮਣੇ ਆਉਣ ਤੋਂ ਪਹਿਲਾਂ ਸਾਬਕਾ ਜਰਮਨ ਚਾਂਸਲਰ ਦੀ ਸਵੈ-ਜੀਵਨੀ ਪੜ੍ਹਨੀ ਚਾਹਿਦੀ ਸੀ।
Sukhbir Badal Reading Hitlers Biography
ਕੈਪਟਨ ਨੇ ਕਿਹਾ ਕਿ ਸੁਖਬੀਰ ਸਮੇਤ ਵੱਖ-ਵੱਖ ਅਕਾਲੀ ਨੇਤਾਵਾਂ ਦੇ ਤਾਜ਼ਾ ਬਿਆਨਾਂ ਨੇ ਇਸ ਸੰਵੇਦਨਸ਼ੀਲ ਮੁੱਦੇ 'ਤੇ ਉਨ੍ਹਾਂ ਦੀ ਅਣਦੇਖੀ ਦਾ ਸਪੱਸ਼ਟ ਤੌਰ 'ਤੇ ਪਰਦਾਫਾਸ਼ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਪੁਸਤਕ ਸਣੇ ਸੁਖਬੀਰ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ ਕਿ ਸੰਸਦ ਦੇ ਦੋਵਾਂ ਸਦਨਾਂ ਅਤੇ ਵਿਧਾਨ ਸਭਾ ਵਿੱਚ ਇਸ ਬਿੱਲ ਦਾ ਸਮਰਥਨ ਕਰਨਾ ਅਤੇ ਹੋਰ ਪਲੇਟਫਾਰਮਾਂ‘ ਤੇ ਇਸ ਦਾ ਵਿਰੋਧ ਕਰਨਾ ਇੱਕ ਰਾਜਨੀਤਿਕ ਨੇਤਾ ਦੀ ਗਲ਼ਤ ਗੱਲ ਹੈ। ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਸੁਖਬੀਰ ਬਾਦਲ ਐਨ.ਡੀ.ਏ. ਨੂੰ ਨਹੀਂ ਛੱਡ ਕੇ ਕੇਂਦਰੀ ਮੰਤਰੀ ਮੰਡਲ ਵਿੱਚ ਪਤਨੀ ਦੀ ਕੁਰਸੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਚਿੱਠੀ ਵਿੱਚ ਕੈਪਟਨ ਅਮਰਿੰਦਰ ਨੇ ਯਾਦ ਦਵਾਇਆ ਕਿ ਪਿਛਲੇ ਵਿਧਾਨ ਸਭਾ ਸੈਸ਼ਨ ਦੌਰਾਨ ਉਨ੍ਹਾਂ ਨੇ ਹਿਟਲਰ ਦੀ ਮੇਨ ਕੈਂਪਫ਼ ਸ਼੍ਰੋਮਣੀ ਅਕਾਲੀ ਦਲ ਨੂੰ ਭੇਜਣ ਦਾ ਵਾਅਦਾ ਕੀਤਾ ਸੀ, ਜਿਸ ਦਾ ਅੰਗਰੇਜ਼ੀ ਵਿੱਚ ‘ਮਾਈ ਸਟ੍ਰਗਲਜ਼’ ਦਾ ਅਨੁਵਾਦ ਹੈ।
ਦੱਸਦਈਏ ਕਿ ਦਿੱਲੀ ਵਿੱਚ ਭਾਜਪਾ-ਅਕਾਲੀ ਦਲ ਦੇ ਗਠਬੰਧਨ ਟੁਟੱਣ ਕੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਨੂੰ ਐਨਡੀਏ ਨਾਲੋਂ ਵੱਖ ਹੋਣ ਦੀ ਚੁਣੌਤੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇ ਅਕਾਲੀ ਦਲ ਨਾਗਰਿਕਤਾ ਸੋਧ ਕਾਨੂੰਨ ਕਾਰਨ ਦਿੱਲੀ 'ਚ ਚੋਣ ਨਹੀਂ ਲੜ ਰਿਹਾ ਤਾਂ ਉਸ ਨੂੰ ਐਨਡੀਏ ਨਾਲੋਂ ਗਠਜੋੜ ਤੋੜ ਲੈਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਸੁਖਬੀਰ ਬਾਦਲ ਦਾ ਬਿਆਨ ਸਾਹਮਣੇ ਆਇਆ, ਉਨ੍ਹਾਂ ਨੇ ਕਿਹਾ ਕਿ ਕੈਪਟਨ ਦੇ ਅਜਿਹੇ ਬੋਲ ਤੋਂ ਉਨ੍ਹਾਂ ਦੀ ਗਾਂਧੀ ਪਰਿਵਾਰ ਲਈ ਚਾਪਲੂਸੀ ਤੇ ਪਰਿਵਾਰ ਨੂੰ ਖੁਸ਼ ਰੱਖ ਕੇ ਆਪਣੀ ਕੁਰਸੀ ਬਚਾਉਣ ਦੀ ਇੱਛਾ ਜ਼ਾਹਿਰ ਹੁੰਦੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਪੱਸ਼ਟ ਕਰਨ ਕਿ ਉਹ ਪੀੜ੍ਹਤ ਸਿੱਖਾਂ ਨੂੰ ਸੀਏਏ ਤਹਿਤ ਮਿਲਣ ਵਾਲੀ ਨਾਗਰਿਕਤਾ ਦੇ ਵਿਰੁੱਧ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਇੱਕ ਅਸਫ਼ਲ ਮੁੱਖ ਮੰਤਰੀ ਤੋਂ ਸਿੱਖਿਆ ਲੈਣ ਦੀ ਲੋੜ ਨਹੀਂ ਹੈ।