ਚੰਡੀਗੜ੍ਹ:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਘਰ ਵਾਪਸੀ ਲਈ ਹਰ ਸੰਭਵ ਮਦਦ ਕਰੇਗੀ ਅਤੇ ਠੱਗ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਅਮਲ ‘ਚ ਲਿਆਵੇਗੀ। ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨਾਲ ਠੱਗੀ ਮਾਰਨ ਦਾ ਨਾਜਾਇਜ਼ ਧੰਦਾ ਕਰ ਰਹੇ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਐਨ.ਆਰ.ਆਈ. ਵਿਭਾਗ ਅਤੇ ਪੁਲੀਸ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਮੀਟਿੰਗ 11 ਜੁਲਾਈ ਨੂੰ ਮੀਟਿੰਗ ਸੱਦੀ ਗਈ ਹੈ, ਜਿਸ ਵਿੱਚ ਠੱਗ ਟਰੈਵਲ ਟੇਜੰਟਾਂ ਵਿਰੱਧ ਬਣਦੀ ਸਖ਼ਤ ਕਾਰਵਾਈ ਕਰਨ ਦਾ ਮਾਮਲਾ ਵਿਚਾਰਿਆ ਜਾਵੇਗਾ।
ਪੰਜਾਬ ਵਾਪਿਸ ਲਿਆਂਦੇ ਜਾਣਗੇ ਵਿਦੇਸ਼ਾਂ 'ਚ ਫਸੇ ਪੰਜਾਬੀ, ਠੱਗ ਟ੍ਰੈਵਲ ਏਜੰਟਾਂ ਤੇ ਹੋਵੇਗੀ ਸਖਤੀ, ਕੈਬਨਿਟ ਮੰਤਰੀ ਧਾਲੀਵਾਲ ਦਾ ਦਾਅਵਾ - ਠੱਗ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਦੀ ਘਰ ਵਾਪਸੀ ਲਈ ਹਰ ਸੰਭਵ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਠੱਗ ਟਰੈਵਲ ਏਜੰਟਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਠੱਗ ਟਰੈਵਲ ਏਜੰਟਾਂ ਦੀ ਲਿਸਟ :ਐਨ.ਆਰ.ਆਈ. ਮੰਤਰੀ ਨੇ ਦੱਸਿਆ ਕਿ ਪ੍ਰਵਾਸੀ ਮਾਮਲਿਆਂ ਵਿਭਾਗ, ਪੰਜਾਬ ਵੱਲੋਂ ਠੱਗ ਟਰੈਵਲ ਏਜੰਟਾਂ ਦੀ ਲਿਸਟ ਪਹਿਲਾਂ ਹੀ ਤਿਆਰ ਕਰ ਲਈ ਗਈ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਕਿਸੇ ਵੀ ਨੌਜਵਾਨ ਨਾਲ ਅਨਿਆਂ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਮੁੰਡੇ-ਕੁੜੀਆਂ, ਜੋ ਠੱਗ ਟਰੈਵਲ ਏਜੰਟਾਂ ਦੀ ਠੱਗੀ ਕਾਰਨ ਵਿਦੇਸ਼ਾਂ ਵਿੱਚ ਫਸੇ ਹੋਏ ਹਨ, ਉਨ੍ਹਾਂ ਦੀ ਘਰ ਵਾਪਸੀ ਲਈ ਪੰਜਾਬ ਸਰਕਾਰ ਹਰ ਸੰਭਵ ਮਦਦ ਕਰੇਗੀ, ਉਹ ਐਨ.ਆਰ.ਆਈ ਵਿਭਾਗ ਪੰਜਾਬ ਨਾਲ ਸੰਪਰਕ ਕਰਨ।
ਧਾਲੀਵਾਲ ਨੇ ਪੰਜਾਬ ‘ਚ ਠੱਗੀ ਦਾ ਕਾਰੋਬਾਰ ਕਰ ਰਹੇ ਟਰੈਵਲ ਏਜੰਟਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਅਜਿਹੇ ਕੰਮ ਛੱਡ ਦੇਣ ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਐਨ.ਆਰ.ਆਈ. ਮੰਤਰੀ ਧਾਲੀਵਾਲ ਦੇ ਯਤਨਾਂ ਸਦਕਾ ਇਰਾਕ ਵਿੱਚ ਫਸੀ ਪੰਜਾਬ ਦੀ ਇੱਕ ਧੀ ਦੀ ਪਿਛਲੇ ਦਿਨੀਂ ਸੁਰੱਖਿਅਤ ਘਰ ਵਾਪਸੀ ਹੋਈ ਸੀ। ਇਹ ਲੜਕੀ ਆਪਣੇ ਚੰਗੇ ਭਵਿੱਖ ਤੇ ਘਰ ਦੀ ਮਾਲੀ ਹਾਲਤ ਸੁਧਾਰਨ ਲਈ ਅੰਮ੍ਰਿਤਸਰ ਤੋਂ ਇਰਾਕ ਗਈ ਸੀ, ਜਿਸਨੂੰ ਗੁਰਦਾਸਪੁਰ ਦੇ ਇੱਕ ਏਜੰਟ ਨੇ ਧੋਖੇ ਨਾਲ ਉੱਥੇ ਫਸਾ ਦਿੱਤਾ ਸੀ ਅਤੇ ਉਸਦੇ ਸਾਰੇ ਪੈਸੇ ਤੇ ਪਾਸਪੋਰਟ ਆਪਣੇ ਕੋਲ ਰੱਖ ਲਏ ਸੀ। ਇਸ ਲੜਕੀ ਦੀ ਅੰਮਿਤਸਰ ਵਾਪਸੀ ਮੌਕੇ ਸ. ਧਾਲੀਵਾਲ ਖੁਦ ਅੰਮ੍ਰਿਤਸਰ ਏਅਰਪੋਰਟ ਵਿਖੇ ਪਹੁੰਚੇ ਸਨ। (ਪ੍ਰੈੱਸ ਨੋਟ)