ਚੰਡੀਗੜ੍ਹ: ਭਾਜਪਾ ਦੇ ਨਵੇਂ ਪ੍ਰਦੇਸ਼ ਪ੍ਰਧਾਨ ਵਜੋਂ ਅਰੁਣ ਸੂਦ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਕਿਹਾ ਜਾ ਰਿਹਾ ਹੈ ਕਿ ਸੂਦ ਦਾ ਭਾਜਪਾ ਪ੍ਰਧਾਨ ਬਣਨਾ ਲਗਭਗ ਤੈਅ ਹੈ ਬੱਸ ਇਸ ਦੀ ਪੁਸ਼ਟੀ ਹੋਣਾ ਹੀ ਬਾਕੀ ਹੈ। ਨਾਮਜ਼ਦਗੀ ਭਰਨ ਮੌਕੇ ਅਰੁਣ ਸੂਦ ਦੇ ਨਾਲ ਆਏ ਵਰਕਰਾਂ ਨੇ ਜੈ ਸ੍ਰੀ ਰਾਮ ਦੇ ਨਾਅਰੇ ਲਾਏ। ਮੀਡੀਆ ਨਾਲ ਗੱਲਬਾਤ ਕਰਦਿਆਂ ਅਰੁਣ ਸੂਦ ਨੇ ਕਿਹਾ ਕਿ ਨਾਮਜ਼ਦਗੀ ਭਰਨ ਤੋਂ ਬਾਅਦ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਨਵੀਂ ਜ਼ਿੰਮੇਵਾਰੀ ਮਿਲੇਗੀ ਉਹ ਉਸ ਵਿੱਚੋਂ ਪਾਰਟੀ ਦੇ ਸਾਰੇ ਵਰਕਰਾਂ ਦਾ ਸਹਿਯੋਗ ਲੈਣਗੇ ਅਤੇ ਪਾਰਟੀ ਦੇ ਵੱਡੇ ਅਹੁਦੇਦਾਰਾਂ ਨੂੰ ਵੀ ਨਾਲ ਲੈ ਕੇ ਚੱਲਣਗੇ।
ਦੱਸਣਯੋਗ ਹੈ ਕਿ ਅਰੁਣ ਸੂਦ ਸਾਬਕਾ ਮੇਅਰ ਰਹਿ ਚੁੱਕੇ ਹਨ ਅਤੇ ਭਾਜਪਾ ਪ੍ਰਧਾਨ ਦੇ ਅਹੁਦੇ ਦੇ ਲਈ ਚਾਰ ਹੋਰ ਉਮੀਦਵਾਰ ਸੀ ਜਿਨ੍ਹਾਂ ਵਿੱਚ ਰਾਮਵੀਰ ਭੱਟੀ, ਚੰਦਰ ਸ਼ੇਖਰ, ਸਤਿੰਦਰ ਸਿੰਘ ਅਤੇ ਦੇਵੇਸ਼ ਮੌਦਗਿੱਲ ਦੇ ਨਾਮ ਸ਼ਾਮਿਲ ਸੀ। ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਤੋਂ ਭਾਜਪਾ ਦੀ ਧੜੇਬੰਦੀ ਨਜ਼ਰ ਆ ਸਕਦੀ ਹੈ ਪਰ ਕੋਈ ਵੀ ਹੋਰ ਨਾਮਾਂਕਣ ਨਾ ਆਉਣ ਤੋਂ ਅਜਿਹਾ ਲਗਦਾ ਹੈ ਅਰੁਣ ਸੂਦ ਹੀ ਭਾਜਪਾ ਦੇ ਨਵੇਂ ਪ੍ਰਧਾਨ ਬਣ ਸਕਦੇ ਹਨ।