ਪੰਜਾਬ

punjab

Video leak case in Goindwal Jail: ਗੋਇੰਦਵਾਲ ਜੇਲ੍ਹ ਵੀਡੀਓ ਮਾਮਲੇ ਉੱਤੇ ਮੁੱਖ ਮੰਤਰੀ ਮਾਨ ਦੀ ਵੱਡੀ ਕਾਰਵਾਈ, 7 ਜੇਲ੍ਹ ਅਧਿਕਾਰੀ ਮੁਅੱਤਲ, 5 ਗ੍ਰਿਫ਼ਤਾਰ

By

Published : Mar 5, 2023, 9:52 PM IST

Updated : Mar 6, 2023, 12:02 PM IST

ਗੋਇੰਦਵਾਲ ਜੇਲ੍ਹ ਵਿੱਚ ਗੈਂਗਵਾਰ ਦਾ ਵੀਡੀਓ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿੱਚ 7 ਜੇਲ੍ਹ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਜਦੋਂਕਿ 5 ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Big police action on Goindwal jail video
Big police action on Goindwal jail video

ਚੰਡੀਗੜ੍ਹ: ਅਮਨ-ਕਾਨੂੰਨ ਦੇ ਪੱਖ ਤੋਂ ਡਿਊਟੀ ’ਚ ਕੁਤਾਹੀ ਤੇ ਅਣਗਹਿਲੀ ਕਰਨ ਵਾਲਿਆਂ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ 7 ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ, ਜਿਨਾਂ ਵਿੱਚੋਂ ਪੰਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚ ਡਿਊਟੀ ਦੌਰਾਨ ਲਾਪਰਵਾਹੀ ਅਤੇ ਕਥਿਤ ਤੌਰ 'ਤੇ ਜੇਲ ਵਿੱਚ ਕੈਦੀਆਂ ਨਾਲ ਮਿਲੀਭੁਗਤ ਕਰਕੇ ਵੀਡੀਓ ਲੀਕ ਕਰਨ ਦੇ ਮਾਮਲੇ ਵਿੱਚ ਸ਼ਾਮਲ ਕੇਂਦਰੀ ਜੇਲ, ਗੋਇੰਦਵਾਲ ਸਾਹਿਬ ਦਾ ਸੁਪਰਡੈਂਟ ਵੀ ਸ਼ਾਮਲ ਹੈ।

ਮੁੱਖ ਮੰਤਰੀ ਮਾਨ ਦੀ ਚਿਤਾਵਨੀ:ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਗੜਬੜੀਆਂ ਵਿੱਚ ਸ਼ਾਮਲ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੂਬੇ ਵਿੱਚੋਂ ਨਸ਼ਿਆਂ ਅਤੇ ਗੈਂਗਸਟਰ ਕਲਚਰ ਨੂੰ ਖ਼ਤਮ ਕਰਨ ਲਈ ਉਹ ਪੰਜਾਬ ਪੁਲਿਸ ਨਾਲ ਲਗਾਤਾਰ ਕੰਮ ਕਰ ਰਹੇ ਹਨ।

ਕੇਂਦਰੀ ਜੇਲ ਗੋਇੰਦਵਾਲ ਦਾ ਹੈ ਵੀਡੀਓ:ਕੇਂਦਰੀ ਜੇਲ ਗੋਇੰਦਵਾਲ ਸਾਹਿਬ ਵਿੱਚ ਵਿੱਚ ਰਿਕਾਰਡ ਹੋਈ ਇੱਕ ਵੀਡੀਓ ਐਤਵਾਰ ਨੂੰ ਵਾਇਰਲ ਹੋਈ, ਜਿਸ ਵਿੱਚ ਸਚਿਨ ਭਿਵਾਨੀ ਅਤੇ ਉਸਦੇ ਸਾਥੀ 26 ਫਰਵਰੀ, 2023 ਨੂੰ ਜੇਲ ਵਿੱਚ ਦੋ ਗੁੱਟਾਂ ਦਰਮਿਆਨ ਹੋਏ ਗੈਂਗਵਾਰ ਦੌਰਾਨ ਮਾਰੇ ਗਏ ਦੋ ਗੈਂਗਸਟਰਾਂ ਦੀ ਘਟਨਾ ਦਾ ਜ਼ਿਕਰ ਕਰਦੇ ਦਿਖਾਈ ਦੇ ਰਹੇ ਹਨ।

ਆਈ.ਜੀ.ਪੀ. ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦਿੱਤੀ ਜਾਣਕਾਰੀ:ਆਈ.ਜੀ.ਪੀ. ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ, ਜੋ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਉਨ੍ਹਾਂ ਨੇ ਮੁਅੱਤਲ ਕੀਤੇ ਅਤੇ ਗ੍ਰਿਫਤਾਰ ਕੀਤੇ ਗਏ ਪੰਜ ਜੇਲ ਅਧਿਕਾਰੀਆਂ ਦੀ ਪਛਾਣ ਜੇਲ ਸੁਪਰਡੈਂਟ ਇਕਬਾਲ ਸਿੰਘ ਬਰਾੜ, ਵਧੀਕ ਜੇਲ ਸੁਪਰਡੈਂਟ ਵਿਜੇ ਕੁਮਾਰ, ਸਹਾਇਕ ਜੇਲ ਸੁਪਰਡੈਂਟ ਹਰੀਸ਼ ਕੁਮਾਰ, ਏ.ਐਸ.ਆਈ ਜੋਗਿੰਦਰ ਸਿੰਘ ਅਤੇ ਏ.ਐਸ.ਆਈ ਹਰਚੰਦ ਸਿੰਘ ਵਜੋਂ ਕੀਤੀ ਹੈ। ਜਦਕਿ ਮੁਅੱਤਲ ਕੀਤੇ ਗਏ ਦੋ ਹੋਰ ਜੇਲ ਅਧਿਕਾਰੀਆਂ ਵਿੱਚ ਵਧੀਕ ਜੇਲ ਸੁਪਰਡੈਂਟ ਜਸਪਾਲ ਸਿੰਘ ਖਹਿਰਾ ਅਤੇ ਹੈੱਡ ਕਾਂਸਟੇਬਲ ਸਵਿੰਦਰ ਸਿੰਘ ਸ਼ਾਮਲ ਹਨ।



ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਵਿਖੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66, ਜੇਲ ਐਕਟ ਦੀ ਧਾਰਾ 52, ਆਈ.ਪੀ.ਸੀ. ਦੀ ਧਾਰਾ 506 ਅਤੇ 149 ਤਹਿਤ ਐਫਆਈਆਰ ਨੰਬਰ 102 ਦਰਜ ਕੀਤੀ ਗਈ ਹੈ। ਮੁੱਢਲੇ ਤੌਰ 'ਤੇ ਜੇਲ 'ਚ ਬੰਦ ਕੈਦੀਆਂ ਜਿਨ੍ਹਾਂ 'ਚ ਮਨਪ੍ਰੀਤ ਸਿੰਘ ਉਰਫ ਭਾਊ, ਸਚਿਨ ਭਿਵਾਨੀ ਉਰਫ ਸਚਿਨ ਚੌਧਰੀ, ਅੰਕਿਤ ਲਾਟੀ ਉਰਫ ਅੰਕਿਤ ਸਿਰਸਾ, ਕਸ਼ਿਸ਼ ਉਰਫ ਕੁਲਦੀਪ, ਰਜਿੰਦਰ ਉਰਫ ਜੋਕਰ, ਹਰਦੀਪ ਸਿੰਘ ਉਰਫ ਮਾਮਾ, ਬਲਦੇਵ ਸਿੰਘ ਉਰਫ ਨਿੱਕੂ, ਦੀਪਕ ਉਰਫ ਮੁੰਡੀ ਅਤੇ ਮਲਕੀਤ ਸਿੰਘ ਉਰਫ ਕੀਤਾ ਖਿਲਾਫ ਕੇਸ ਦਰਜ ਕੀਤਾ ਗਿਆ।

ਇਸੇ ਦੌਰਾਨ ਆਈਜੀਪੀ ਨੇ ਕਿਹਾ ਕਿ ਜਾਂਚ ਤੋਂ ਬਾਅਦ ਪੁਲਿਸ ਨੇ ਇਸ ਐਫਆਈਆਰ ਵਿੱਚ ਜੇਲ ਅਧਿਕਾਰੀਆਂ ਨੂੰ ਉਨਾਂ ਦੀ ਅਣਗਹਿਲੀ ਅਤੇ ਜੇਲ ਦੇ ਕੈਦੀਆਂ ਨਾਲ ਮਿਲੀਭੁਗਤ ਕਰਕੇ ਵੀਡੀਓ ਸ਼ੂਟ ਕਰਨ ਲਈ ਨਾਮਜ਼ਦ ਕੀਤਾ ਹੈ। ਜੋ ਕਿ ਘਟਨਾ ਵਾਲੇ ਦਿਨ ਸ਼ੂਟ ਕੀਤੀ ਗਈ ਅਤੇ ਕੁਝ ਦਿਨ੍ਹਾਂ ਬਾਅਦ ਲੀਕ ਹੋ ਗਈ। ਉਨਾਂ ਕਿਹਾ ਕਿ ਦੋਸ਼ੀ ਜੇਲ ਦੇ ਕੈਦੀਆਂ ਨੂੰ ਹੋਰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ।

ਮੁਲਜ਼ਮਾਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਤਬਦੀਲ ਕੀਤਾ:ਉਨਾਂ ਕਿਹਾ ਕਿ ਜੇਲ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਿਸ ਅਤੇ ਜੇਲ ਪ੍ਰਸ਼ਾਸਨ ਨੇ ਮੁਲਜਮਾਂ ਨੂੰ ਪਹਿਲਾਂ ਹੀ ਵੱਖ-ਵੱਖ ਕਰਕੇ ਸੂਬੇ ਦੀਆਂ ਵੱਖ-ਵੱਖ ਜੇਲਾਂ ਵਿੱਚ ਤਬਦੀਲ ਕਰ ਦਿੱਤਾ ਹੈ। ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਕੋਈ ਵੀ ਸਰਕਾਰੀ ਮੁਲਾਜਮ ਡਿਊਟੀ ਵਿੱਚ ਲਾਪਰਵਾਹੀ ਕਰਦਾ ਪਾਇਆ ਗਿਆ ਤਾਂ ਉਸ ਨਾਲ ਸਖਤੀ ਨਾਲ ਨਿਪਟਿਆ ਜਾਵੇ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਜੇਲਾਂ ਵਿੱਚ ਚੌਕਸੀ ਹੋਰ ਵਧਾਈ ਜਾ ਰਹੀ ਹੈ ਅਤੇ ਭਵਿੱਖ ਵਿੱਚ ਇਸ ਤਰਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਜੇਲਾਂ ਵਿੱਚ ਸੀਨੀਅਰ ਰੈਂਕ ਦੇ ਅਧਿਕਾਰੀਆਂ ਵੱਲੋਂ ਅਚਨਚੇਤ ਚੈਕਿੰਗ ਕੀਤੀ ਜਾਵੇਗੀ।

ਇਹ ਵੀ ਪੜ੍ਹੋ:Gangsters Video Viral: ਗੈਂਗਵਾਰ ਮਗਰੋਂ ਗੈਂਗਸਟਰਾਂ ਨੇ ਜਾਰੀ ਕੀਤੀ ਵੀਡੀਓ, ਕਤਲ ਕਰ ਜੇਲ੍ਹ 'ਚ ਮਨਾਏ ਜਸ਼ਨ...

Last Updated : Mar 6, 2023, 12:02 PM IST

ABOUT THE AUTHOR

...view details