ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ 28 ਅਗਸਤ ਨੂੰ ਸੱਦੇ ਪੰਜਾਬ ਵਿਧਾਨ ਸਭਾ ਦੇ ਚੰਦ ਘੰਟਿਆਂ ਦੇ ਇਜਲਾਸ ‘ਤੇ ਅਮਰਿੰਦਰ ਸਿੰਘ ਸਰਕਾਰ ਅਤੇ ਕਾਂਗਰਸ ਪਾਰਟੀ ਨੂੰ ਘੇਰਦਿਆਂ ਕਿਹਾ ਕਿ ‘ਫਾਰਮ ਹਾਊਸ’ ਤੱਕ ਸਿਮਟੀ ਸ਼ਾਹੀ ਸਰਕਾਰ ਸਦਨ ‘ਚ ਵੀ ਲੋਕ ਮੁੱਦਿਆਂ ਨੂੰ ਸੁਣਨ ਦੀ ਹਿੰਮਤ ਨਹੀਂ ਕਰ ਰਹੀ। ਭਗਵੰਤ ਮਾਨ ਨੇ ਕਿਹਾ ਕਿ ਮਾਨਸੂਨ ਇਜਲਾਸ ਸਹੀ ਅਰਥਾਂ ‘ਚ ਇੱਕ ਦਿਨ ਦਾ ਨਹੀਂ ਸਗੋਂ ਪੰਜ ਘੰਟਿਆਂ ਦਾ ਹੈ।
ਭਗਵੰਤ ਮਾਨ ਅਨੁਸਾਰ, ‘‘ਇਨ੍ਹਾਂ ਕਾਂਗਰਸੀਆਂ ਅਤੇ ਅਕਾਲੀਆਂ ਨੂੰ ਲੋਕਾਂ ਅਤੇ ਲੋਕਤੰਤਰ ਦੇ ਹਿੱਤ ਉਦੋਂ ਹੀ ਕਿਉਂ ਯਾਦ ਆਉਂਦੇ ਹਨ, ਜਦ ਇਹ ਸੱਤਾ ਤੋਂ ਬਾਹਰ ਹੁੰਦੇ ਹਨ? 13 ਸਤੰਬਰ 2016 ਨੂੰ ਬਾਦਲਾਂ ਦੀ ਸਰਕਾਰ ਮੌਕੇ ਤੱਤਕਾਲੀ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕਾਂ ਨੇ ਵਿਧਾਨ ਸਭਾ ਦਾ ਸੈਸ਼ਨ ਛੋਟਾ ਰੱਖਣ ਦੇ ਵਿਰੋਧ ‘ਚ ਸਦਨ ਦੇ ਅੰਦਰ ਹੀ ਧਰਨਾ ਲੱਗਾ ਦਿੱਤਾ ਸੀ ਅਤੇ ਉੱਥੇ ਹੀ ਰਾਤ ਕੱਟੀ ਸੀ। ਸੁਨੀਲ ਜਾਖੜ ਅਤੇ ਚਰਨਜੀਤ ਸਿੰਘ ਚੰਨੀ ਆਦਿ ਕਾਂਗਰਸੀ ਆਗੂ ਇਸ ‘ਡਰਾਮੇ’ ‘ਚ ਸ਼ਾਮਲ ਸਨ। ਕੀ ਅੱਜ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਆਪਣੀ ਸਰਕਾਰ ਕੋਲੋਂ 5 ਘੰਟਿਆਂ ਦਾ ਮੌਨਸੂਨ ਸੈਸ਼ਨ ਸੱਦ ਕੇ ਲੋਕਾਂ ਅਤੇ ਲੋਕਤੰਤਰ ਦੇ ਉਡਾਏ ਜਾ ਰਹੇ ਮਜ਼ਾਕ ਬਾਰੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਪੀਕਰ ਰਾਣਾ ਕੇਪੀ ਸਿੰਘ ਕੋਲੋਂ ਜਵਾਬ ਮੰਗਣਗੇ? ਜਾਂ ਫਿਰ ਕਾਂਗਰਸੀ ਵਿਧਾਇਕਾਂ ਨੂੰ ਧਰਨਾ ਲਗਾਉਣ ਲਈ ਕਹਿਣਗੇ?’’