ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਦਯੋਗਾਂ ਵਿਚ ਨਿਵੇਸ਼ ਕਰਨ ਵਾਲਿਆਂ ਲਈ ਵੱਡਾ ਐਲਾਨ ਕੀਤਾ ਹੈ ਅਤੇ ਦਾਅਵਾ ਇਹ ਵੀ ਹੈ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸਨੇ ਉਦਯੋਗਾਂ ਲਈ ਇਹ ਐਲਾਨ ਕੀਤਾ ਹੈ। ਐਲਾਨ ਇਹ ਹੈ ਕਿ ਪੰਜਾਬ ਵਿਚ ਹੁਣ ਉਦਯੋਗਾਂ ਲਈ ਹਰੇ ਰੰਗ ਦੇ ਸਟਾਮ ਪੇਪਰ ਮੁਹੱਈਆ ਕਰਵਾਏ ਜਾਣਗੇ। ਜਿਸ ਨਾਲ ਪੰਜਾਬ ਵਿਚ ਉਦਯੋਗ ਨੂੰ ਹੋਰ ਉਤਸ਼ਾਹ ਮਿਲੇਗਾ ਅਤੇ ਵੱਧ ਤੋਂ ਵੱਧ ਨਿਵੇਸ਼ ਹੋਵੇਗਾ। ਅਜੇ ਸਿਰਫ਼ ਉਦਯੋਗਾਂ ਲਈ ਹੀ ਇਹ ਫ਼ੈਸਲਾ ਲਿਆ ਗਿਆ ਹੈ, ਜਦਕਿ ਆਉਣ ਵਾਲੇ ਦਿਨਾਂ 'ਚ ਹਾਊਸਿੰਗ ਅਤੇ ਹੋਰ ਅਸ਼ਟਾਮ ਪੇਪਰ ਵੀ ਵੱਖ- ਵੱਖ ਰੰਗਾਂ 'ਚ ਮੁਹੱਈਆ ਕਰਵਾਏ ਜਾਣਗੇ।
ਹਰੇ ਰੰਗ ਦਾ ਹੋਵੇਗਾ ਅਸ਼ਟਾਮ ਪੇਪਰ :ਮੁੱਖ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਪੰਜਾਬ ਵਿਚ ਕੋਈ ਜ਼ਮੀਨ ਪਸੰਦ ਆਉਂਦੀ ਹੈ ਅਤੇ ਉਹ ਇੰਡਸਟਰੀ ਲਗਾਉਣ ਦਾ ਚਾਹਵਾਨ ਹੈ ਤਾਂ ਇਨਵੈਸਟ ਪੰਜਾਬ ਦੇ ਦਫ਼ਤਰ ਜਾ ਕੇ ਜਾਂ ਫਿਰ ਇਨਵੈਸਟ ਪੰਜਾਬ ਦੀ ਵੈਬਸਾਈਟ 'ਤੇ ਆ ਕੇ ਸਰਕਾਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜਿਸ ਵਿਚ ਸੀਐਲਯੂ ਦੀ ਟੀਮ 10 ਦਿਨਾਂ ਵਿਚ ਉਸ ਜ਼ਮੀਨ ਦੀ ਪੜਤਾਲ ਕਰੇਗੀ ਅਤੇ ਸਹਿਮਤੀ ਦੇਵੇਗੀ। ਜਿਸ ਤੋਂ ਬਾਅਦ ਹਰੇ ਰੰਗ ਦਾ ਅਸ਼ਟਾਮ ਪੇਪਰ ਆਪਣਾ ਕੰਮ ਕਰੇਗਾ। ਜੋ ਫੈਕਟਰੀ ਲਗਾਉਣ ਦਾ ਚਾਹਵਾਨ ਹੋਵੇਗਾ ਉਹ ਹਰੇ ਰੰਗ ਦਾ ਅਸ਼ਟਾਮ ਪੇਪਰ ਖਰੀਦੇਗਾ। ਇਹ ਅਸ਼ਟਾਮ ਪੇਪਰ ਦੂਜੇ ਅਸ਼ਟਾਮ ਪੇਪਰਾਂ ਨਾਲੋਂ ਮਹਿੰਗਾ ਹੋਵੇਗਾ ਕਿਉਂਕਿ ਉਸ ਵਿਚ ਸੀਐਲਯੂ, ਜੰਗਲਾਤ, ਪ੍ਰਦੂਸ਼ਣ ਅਤੇ ਫਾਇਰ ਵਿਭਾਗ ਦੀ ਐਨਓਸੀ ਦੇ ਪੈਸੇ ਵਿਚੇ ਹੀ ਜੋੜੇ ਜਾਣਗੇ। ਜਦੋਂ ਰਜਿਸਟਰੀ ਹੋਵੇਗੀ ਉਸ ਤੋਂ ਬਾਅਦ ਫੈਕਟਰੀ ਦਾ ਨਿਰਮਾਣ ਸ਼ੁਰੂ ਹੋਵੇਗਾ।
ਵਪਾਰੀਆਂ ਦੀ ਖੱਜਲ-ਖੁਆਰੀ ਬਚੇਗੀ :ਸੀਐਮ ਦਾ ਦਾਅਵਾ ਹੈ ਕਿ ਇਸ ਨਾਲ ਵਪਾਰੀਆਂ ਦੀ ਖੱਜਲ- ਖੁਆਰੀ ਬਚੇਗੀ ਅਤੇ ਸਬੰਧਿਤ ਦਫ਼ਤਰਾਂ ਦੇ ਗੇੜੇ ਮੁਕ ਜਾਣਗੇ। ਇਹ ਸਾਰਾ ਪ੍ਰੋਸੈਸ ਵੱਧ ਤੋਂ ਵੱਧ 11 ਜਾਂ 12 ਦਿਨ ਦਾ ਹੋਵੇਗਾ। ਪਹਿਲਾਂ 6 ਮਹੀਨੇ ਤਾਂ ਸੀਐਲਯੂ ਲੈਣ ਲਈ ਹੀ ਕਈ ਮਹੀਨੇ ਗੇੜੇ ਲਗਾਉਣੇ ਪੈਂਦੇ ਸਨ। ਜਦੋਂ ਫੈਕਟਰੀ ਬਣਕੇ ਤਿਆਰ ਹੋ ਜਾਵੇਗੀ ਫਿਰ ਜੰਗਲਾਤ, ਫਾਇਰ ਅਤੇ ਪ੍ਰਦੂਸ਼ਣ ਦੇ ਸਾਰੇ ਬਕਾਏ ਉੱਤੇ ਸਟੈਂਪ ਲਗਾ ਦਿੱਤੀ ਜਾਵੇਗੀ। ਹਰੇ ਰੰਗ ਦੇ ਅਸ਼ਟਾਮ ਪੇਪਰ ਦਾ ਮਤਲਬ ਹੈ ਕਿ ਫੈਕਟਰੀ ਬਣਾਉਣ ਵਾਲੇ ਨੇ ਸਾਰੀਆਂ ਐਨਓਸੀ ਲਈਆਂ ਹੋਈਆਂ ਹਨ ਅਤੇ ਸਾਰੇ ਬਕਾਏ ਕਲੀਅਰ ਕੀਤੇ ਹੋਏ ਹਨ। ਤਾਂ ਜੋ ਜਦੋਂ ਵੀ ਕੋਈ ਫੈਕਟਰੀ ਵਿਚ ਮੁਆਇਨਾ ਕਰਨ ਆਏ ਤਾਂ ਹਰੇ ਰੰਗ ਦੇ ਅਸ਼ਟਾਮ ਪੇਪਰ ਤੋਂ ਪਤਾ ਲੱਗ ਜਾਵੇਗਾ ਕਿ ਸਾਰੀਆਂ ਐਨਓਸੀ ਮਿਲੀਆਂ ਹੋਈਆਂ ਹਨ।