ਚੰਡੀਗੜ੍ਹ/ਅੰਮ੍ਰਿਤਸਰ: ਪੰਜਾਬ ਦੇ ਜਲ ਸਰੋਤ, ਖਣਨ ਤੇ ਭੂ-ਵਿਗਿਆਨ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਨਾਜਾਇਜ਼ ਮਾਈਨਿੰਗ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਨਾਜਾਇਜ਼ ਮਾਈਨਿੰਗ ਵਿੱਚ ਸ਼ਾਮਲ ਅਤੇ ਰਿਐਲਟੀ ਨਾ ਲੈ ਸਕਣ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਨਹੀਂ ਹੋ ਰਹੀ ਰਿਐਲਟੀ: ਅੰਮ੍ਰਿਤਸਰ ਵਿਖੇ ਮਾਝੇ ਦੇ ਵਿਧਾਇਕਾਂ ਅਤੇ ਜਲ ਸਰੋਤ, ਖਣਨ ਤੇ ਭੂ-ਵਿਗਿਆਨ ਅਤੇ ਭੂਮੀ ਤੇ ਜਲ ਸੰਭਾਲ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਵੱਡੇ ਪ੍ਰਾਜੈਕਟਾਂ ਲਈ ਵਰਤੀ ਜਾ ਰਹੀ ਮਿੱਟੀ ਦੀ ਰਿਐਲਟੀ ਵੀ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਉਣੀ ਯਕੀਨੀ ਬਣਾਈ ਜਾਵੇ। ਉਨਾਂ ਕਿਹਾ ਕਿ ਰਾਜ ਵਿਚ ਸੈਂਕੜੇ ਕਿਲੋਮੀਟਰ ਨੈਸ਼ਨਲ ਹਾਈਵੇਅ ਬਣ ਰਹੇ ਹਨ ਪਰ ਇਨ੍ਹਾਂ ਦੀ ਰਿਐਲਟੀ ਪੂਰੀ ਤਰਾਂ ਜਮ੍ਹਾਂ ਨਹੀਂ ਹੋ ਰਹੀ। ਇਸ ਲਈ ਇਨ੍ਹਾਂ ਕੰਮਾਂ ਉਤੇ ਨਿਗ੍ਹਾ ਰੱਖ ਕੇ ਇਸ ਦੀ ਬਣਦੀ ਰਿਐਲਟੀ ਲਈ ਜਾਵੇ। ਉਨਾਂ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਜਿਸ ਵੀ ਅਧਿਕਾਰੀ ਨੇ ਨਾਜਾਇਜ਼ ਮਾਇਨਿੰੰਗ ਅਤੇ ਰਿਐਲਟੀ ਦੇ ਮੁੱਦੇ ਉਤੇੇ ਢਿੱਲ ਵਰਤੀ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਾਣੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਉਣ ਦੇ ਉਪਰਾਲੇ: ਪਿਛਲੇ ਸਾਉਣੀ ਸੀਜ਼ਨ ਵਿਚ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਸਬੰਧੀ ਵੇਰਵੇ ਲੈਂਦਿਆਂ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਉਣ ਦੇ ਉਪਰਾਲੇ ਕਰ ਰਹੀ ਹੈ ਅਤੇ ਇਹ ਕੰਮ ਕੇਵਲ ਤੇ ਕੇਵਲ ਨਹਿਰੀ ਪਾਣੀ ਦੀ ਵਰਤੋਂ ਕਰਕੇ ਹੀ ਹੋ ਸਕਦਾ ਹੈ, ਸੋ ਇਸ ਮੁੱਦੇ ਉਤੇ ਕੋਈ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਗੰਭੀਰ ਮੁੱਦੇ ਉਤੇ ਸਦਾ ਕੰਨ ਵਲੇਟੀ ਰੱਖੇ ਹਨ, ਜਿਸ ਕਾਰਨ ਨਹਿਰੀ ਪਾਣੀ ਦਾ ਸਾਰਾ ਢਾਂਚਾ ਲਗਭਗ ਤਬਾਹ ਹੋ ਗਿਆ ਸੀ, ਜਿਸ ਨੂੰ ਇਸ ਸਾਉਣੀ ਸੀਜ਼ਨ ਦੌਰਾਨ ਪੂਰੀ ਤਰ੍ਹਾਂ ਲੀਹ ਉਤੇ ਲਿਆ ਕੇ ਹਰੇਕ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕੀਤਾ ਜਾਵੇਗਾ।