ਬਠਿੰਡਾ: ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ, ਜਿਸਨੂੰ ਸਾਬਤ ਬਠਿੰਡਾ ਦੇ ਰਹਿਣ ਵਾਲੀਆਂ ਨੀਤੂ ਅਤੇ ਰੌਸ਼ਨੀ ਨਾਂਅ ਦੀਆਂ ਛੋਟੀ ਉਮਰ ਦੀਆਂ ਬੱਚੀਆਂ ਨੇ ਕਰ ਦਿਖਾਇਆ। ਨੀਤੂ ਅਤੇ ਰੌਸ਼ਨੀ ਨਾਂਅ ਦੀਆਂ ਦੋਵੇਂ ਸਕੀਆਂ ਭੈਣਾਂ ਘਰ ਦਾ ਗੁਜ਼ਾਰਾ ਕਰਨ ਲਈ ਆਪਣੇ ਮਾਪਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਵਾ ਰਹੀਆਂ ਹਨ। ਦੋਵੇਂ ਭੈਣਾਂ ਸੜਕਾਂ 'ਤੇ ਫਲ ਵੇਚ ਕੇ ਆਪਣੇ ਮਾਪਿਆਂ ਦਾ ਸਹਾਰਾ ਬਣੀਆਂ ਹੋਈਆਂ ਹਨ।
ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦਿਆਂ ਦਸਵੀਂ ਜਮਾਤ ਵਿੱਚ ਪੜ੍ਹਨ ਵਾਲੀ ਰੌਸ਼ਨੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਬੇਹੱਦ ਗਰੀਬੀ ਹੈ ਅਤੇ ਘਰ ਦਾ ਗੁਜ਼ਾਰਾ ਬੜਾ ਮੁਸ਼ਕਿਲ ਨਾਲ ਹੁੰਦਾ ਹੈ। ਰੌਸ਼ਨੀ ਨੇ ਦੱਸਿਆ ਕਿ ਉਹ ਮੁੰਡਿਆਂ ਤੋਂ ਘੱਟ ਨਹੀਂ ਹੈ, ਇਸ ਲਈ ਦੋਵੇਂ ਭੈਣਾਂ ਸਵੇਰੇ ਤਿੰਨ ਵਜੇ ਉੱਠ ਜਾਂਦੀਆਂ ਹਨ ਤੇ ਖ਼ੁਦ ਗੱਡੀ ਚਲਾ ਕੇ ਮੰਡੀ ਵਿੱਚੋਂ ਫਲ ਖ਼ਰੀਦ ਕੇ ਲੈ ਕੇ ਆਉਂਦੀਆਂ ਹਨ। ਜਿਸ ਤੋਂ ਬਾਅਦ ਉਹ ਆਪਣੀ ਗੱਡੀ ਵਿੱਚ ਫਲ ਰੱਖ ਕੇ ਵੇਚਦੀਆਂ ਹਨ।
ਰੌਸ਼ਨੀ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੀ ਸਹਾਇਤਾ ਨਾਲ ਆਪਣੀ ਪੜ੍ਹਾਈ ਦਾ ਖਰਚਾ ਵੀ ਖੁਦ ਚੁੱਕ ਰਹੀਆਂ ਹਨ। ਪਰਿਵਾਰ ਦੇ ਹਾਲਾਤ ਠੀਕ ਨਹੀਂ ਹਨ, ਜਿਸਦੇ ਕਰਕੇ ਉਹ ਬਚਪਨ ਵਿੱਚ ਖੇਡਣ ਅਤੇ ਪੜ੍ਹਨ ਦੀ ਉਮਰ ਵਿੱਚ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਕੰਮ ਕਰਨ ਲਈ ਮਜਬੂਰ ਹਨ। ਰੋਸ਼ਨੀ ਦਾ ਕਹਿਣਾ ਹੈ ਕਿ ਫਲ ਵੇਚਣ ਦੇ ਨਾਲ-ਨਾਲ ਪੜ੍ਹਾਈ ਵੀ ਆਨਲਾਈਨ ਸੜਕ 'ਤੇ ਬੈਠ ਕੇ ਕਰਨੀ ਪੈਂਦੀ ਹੈ।
ਇਹ ਵੀ ਪੜੋ: ਪਟਿਆਲਾ: ਭਿੱਜੀ ਅੱਖਾਂ ਨਾਲ ਸ਼ਹੀਦ ਮਨਦੀਪ ਸਿੰਘ ਨੂੰ ਦਿੱਤੀ ਵਿਦਾਈ
ਉੱਥੇ ਹੀ ਇਨ੍ਹਾਂ ਦੋਹਾਂ ਬੱਚਿਆਂ ਨੂੰ ਫਲ ਵੇਚਦਿਆਂ ਵੇਖ ਕੇ ਪੇਰੈਂਟਸ ਰਾਈਟ ਐਸੋਸੀਏਸ਼ਨ ਦੇ ਸੰਜੀਵ ਜਿੰਦਲ ਨੇ ਕਿਹਾ ਕਿ ਉਹ ਅਕਸਰ ਇਨ੍ਹਾਂ ਬੱਚਿਆਂ ਨੂੰ ਫਲ ਵੇਚਦਿਆਂ ਵੇਖਦੇ ਹਨ ਅਤੇ ਜਦੋਂ ਆਨਲਾਈਨ ਪੜ੍ਹਾਈ ਕਰਦੀਆਂ ਹਨ ਤਾਂ ਬੇਹੱਦ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸੰਜੀਵ ਜਿੰਦਲ ਨੇ ਸਰਕਾਰਾਂ ਤੋਂ ਵੀ ਮੰਗ ਕੀਤੀ ਹੈ ਕਿ ਅਜਿਹੇ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਕਿ ਉਹ ਆਉਣ ਵਾਲੇ ਭਵਿੱਖ ਵਿੱਚ ਚੰਗਾ ਮੁਕਾਮ ਹਾਸਲ ਕਰ ਸਕਣ।