ਬਠਿੰਡਾ:ਇਸ ਵਾਰ ਚਾਈਨਾ ਡੋਰ ਨੇ ਜੋ ਪੰਜਾਬ ਨੂੰ ਜ਼ਖਮੀ ਕੀਤਾ ਹੈ, ਉਸਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਸਰਕਾਰ ਨੂੰ ਵੀ ਮਾਮਲੇ ਦੀ ਗੰਭੀਰਤਾ ਦੇਖਦਿਆਂ ਕਈ ਸਖ਼ਤ ਫੈਸਲੇ ਕਰਨੇ ਪਏ ਹਨ। ਪਰ ਹੈਰਾਨੀ ਵਾਲੀ ਗੱਲ ਹੈ ਕਿ ਇੰਨੀ ਸਖਤੀ ਦੇ ਬਾਵਜੂਦ ਵੀ ਕੁੱਝ ਲੋਕ ਸੁਧਰਨ ਦਾ ਨਾਂ ਨਹੀਂ ਲੈ ਰਹੇ। ਬੇਸ਼ੱਕ ਬਸੰਤ ਪੰਚਮੀ ਦਾ ਤਿਉਹਾਰ ਬੀਤ ਗਿਆ ਹੈ ਪਰ ਗਲੀਆਂ ਮੁਹੱਲਿਆਂ ਤੇ ਬਿਜਲੀ ਦੀਆਂ ਤਾਰਾਂ ਵਿੱਚ ਫਸੀ ਚਾਈਨਾ ਡੋਰ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਇਸਨੂੰ ਲੈ ਕੇ ਕਈ ਨੌਜਵਾਨ ਤੇ ਸਮਾਜ ਸੇਵੀ ਅੱਗੇ ਆ ਰਹੇ ਹਨ। ਇਹੋ ਜਿਹਾ ਕਦਮ ਚੁੱਕਿਆ ਹੈ ਬਠਿੰਡਾ ਦੇ ਹਰਜਿੰਦਰ ਸਿੰਘ ਸ਼ਿੰਦਾ ਨੇ। ਸ਼ਿੰਦਾ ਨਾਲ ਈਟੀਵੀ ਭਾਰਤ ਵਲੋਂ ਖਾਸਤੌਰ ਉੱਤੇ ਗੱਲਬਾਤ ਕੀਤੀ ਗਈ ਹੈ।
ਗਲੀਆਂ ਵਿੱਚੋਂ ਇਕੱਠੀ ਕੀਤੀ ਚਾਈਨਾ ਡੋਰ:ਗਲੀਆਂ ਬਜ਼ਾਰਾਂ ਵਿੱਚ ਵੱਡੀ ਪੱਧਰ ਉੱਤੇ ਕੱਟ ਕੇ ਡਿਗੀ ਚਾਈਨਾ ਡੋਰ ਦੇ ਟੋਟਿਆਂ ਨਾਲ ਵੀ ਹਾਦਸੇ ਹੋ ਰਹੇ ਹਨ ਅਤੇ ਇਸ ਨਾਲ ਰਾਹਗੀਰਾਂ ਨੂੰ ਖਤਰਾ ਹੋ ਰਿਹਾ ਹੈ। ਚਾਈਨਾ ਡੋਰ ਨੂੰ ਸਮੇਟਣ ਲਈ ਬਠਿੰਡਾ ਦੇ ਹੀ ਇਕ ਨੌਜਵਾਨ ਹਰਜਿੰਦਰ ਸਿੰਘ ਵੱਲੋਂ ਅਹਿਮ ਉਪਰਾਲਾ ਕੀਤਾ ਗਿਆ। ਉਸ ਵੱਲੋਂ ਵੱਡੀ ਪੱਧਰ ਉੱਪਰ ਚਾਈਨਾ ਡੋਰ ਨੂੰ ਇਕੱਠਾ ਕਰਕੇ ਮਿੰਨੀ ਸਕੱਤਰੇਤ ਦੇ ਬਾਹਰ ਅੱਗ ਲਗਾਈ ਗਈ ਹੈ। ਹਰਜਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਚਾਈਨਾ ਡੋਰ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਭਾਵੇਂ ਬਸੰਤ ਪੰਚਮੀ ਦਾ ਤਿਉਹਾਰ ਲੰਘ ਚੁੱਕਿਆ ਹੈ ਪਰ ਲੋਕਾਂ ਵੱਲੋਂ ਬਸੰਤ ਪੰਚਮੀ ਮੌਕੇ ਉੱਤੇ ਚਾਇਨਾ ਡੋਰ ਨਾਲ ਉਡਾਏ ਪਤੰਗਾਂ ਦਾ ਠਹਿਰ ਹਾਲੇ ਵੀ ਗਲੀਆਂ-ਮਹੱਲਿਆਂ ਅਤੇ ਬਜ਼ਾਰਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।