ਬਠਿੰਡਾ:ਆਮ ਆਦਮੀ ਪਾਰਟੀ (AAP) ਦੇ ਸਮਾਗਮਾਂ ਤੋਂ ਦੂਰੀ ਬਣਾ ਕੇ ਚੱਲ ਰਹੇ ਬਠਿੰਡਾ (Bathinda) ਦੇ ਹਲਕਾ ਦਿਹਾਤੀ ਤੋਂ ਆਪ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਕੁਝ ਰੁਝੇਵਿਆਂ ਕਾਰਨ ਉਹ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਜਿਵੇਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਚਾਹੁੰਦੇ ਹਨ, ਉਵੇਂ ਹੀ ਅਸੀਂ ਭਗਵੰਤ ਮਾਨ (Bhagwant Mann) ਨੂੰ ਮੁੱਖ ਮੰਤਰੀ ਦਾ ਚਿਹਰਾ ਵੇਖਣਾ ਚਾਹੁੰਦੇ ਹਾਂ।
ਉਨ੍ਹਾਂ ਦੱਸਿਆ ਪਰ ਪਾਰਟੀ ਹਾਈ ਕਮਾਂਡ (Party High Command) ਨੂੰ ਵਾਰ ਵਾਰ ਬੇਨਤੀ ਕਰਨ ਤੇ ਵੀ ਹਾਲੇ ਤੱਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਜਾ ਰਿਹਾ। ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਨੂੰ ਐਲਾਨਣ ਤੋਂ ਸੀਨੀਅਰ ਲੀਡਰਸ਼ਿਪ (Senior leadership) ਪਤਾ ਨਹੀਂ ਕਿਉਂ ਗੁਰੇਜ਼ ਕਰ ਰਹੀ ਹੈ। ਪਰ ਸੀਨੀਅਰ ਲੀਡਰਸ਼ਿਪ ਦੀਆਂ ਬੈਠਕਾਂ ਦੌਰਾਨ ਇੱਕ ਹੋਰ ਵਿਧਾਇਕ ਵੱਲੋਂ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਲਈ ਪਾਰਟੀ ਹਾਈਕਮਾਂਡ ਉਪਰ ਦਬਾਅ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਨੂੰ ਐਲਾਨਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਪਾਰਟੀ ਵੱਲੋਂ ਪਿਛਲੇ ਦਿਨੀਂ ਰਿਲੀਜ਼ ਕੀਤੇ ਗਏ ਪੋਸਟਰ ਵਿੱਚ ਵਿਧਾਇਕ ਰੁਪਿੰਦਰ ਕੌਰ ਰੂਬੀ (Rupinder Kaur Ruby) ਅਤੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਦੀਆਂ ਤਸਵੀਰਾਂ ਗਾਇਬ ਸਨ। ਜਦੋਂ ਕਿ ਸਭ ਤੋਂ ਪਹਿਲਾਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਨੂੰ ਐਲਾਨਣ ਦਾ ਸਮਰਥਨ ਕੀਤਾ ਸੀ।
ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਪੋਸਟਰਾਂ ਦੀ ਰਾਜਨੀਤੀ ਵਿੱਚ ਨਹੀਂ ਪੈਣਾ ਚਾਹੁੰਦੇ। ਸਾਨੂੰ ਲੋਕ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਹੈ। 2017 ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਵੱਲੋਂ ਨਸ਼ਿਆਂ ਅਤੇ ਬੇਅਦਬੀ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਗਿਆ ਸੀ, ਪਰ ਇਸ ਬਾਰੇ ਧੁੰਦਲਾ ਕਿਉਂ ਨਜ਼ਰ ਆ ਰਿਹਾ 'ਤੇ ਬੋਲਦਿਆਂ ਆਪ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਉਨ੍ਹਾਂ ਦੇ ਪਿਤਾ ਹਨ ਅਤੇ ਇਨ੍ਹਾਂ ਦੀ ਬੇਅਦਬੀ ਦਾ ਮੁੱਦਾ ਕਦੇ ਵੀ ਨਹੀਂ ਉਸਾਰਿਆ ਜਾ ਸਕਦਾ।