ਇਸ ਖਾਸ ਮੌਕੇ ਪੰਜਾਬ ਸਰਕਾਰ ਨੇ ਇਸ਼ਤਿਹਾਰਾਂ 'ਤੇ ਖ਼ਰਚੇ 16 ਕਰੋੜ, ਉਹ ਵੀ ਇੱਕ ਦਿਨ 'ਚ ! ਬਠਿੰਡਾ : ਪੰਜਾਬ ਸਰਕਾਰ ਵੱਲੋਂ ਆਪਣੇ ਕੰਮ ਗਿਣਾਉਣ ਲਈ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇਸ਼ ਭਰ ਦੇ ਵੱਖ ਵੱਖ ਮੀਡੀਆ ਹਾਊਸ ਨੂੰ ਦਿੱਤੇ ਜਾ ਰਹੇ ਹਨ ਜਿਸ ਕਾਰਨ ਪੰਜਾਬ ਦੇ ਖ਼ਜ਼ਾਨੇ ਤੇ ਲਗਾਤਾਰ ਬੋਝ ਵੱਧਦਾ ਜਾ ਰਿਹਾ ਹੈ। ਦੂਜੇ ਪਾਸੇ, ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਵੱਲੋਂ ਇਸ਼ਤਿਹਾਰਾਂ ਰਾਹੀਂ ਆਪਣੇ ਕੰਮ ਗਿਣਾਉਣ ਲਈ ਜਿੱਥੇ ਜ਼ੋਰ ਦਿੱਤਾ ਹੈ, ਉੱਥੇ ਹੀ ਵਿਰੋਧੀਆਂ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਪਰ ਪੰਜਾਬੀਆਂ ਦੀ ਖ਼ੂਨ ਪਸੀਨੇ ਦੀ ਕਮਾਈ ਇਸ਼ਤਿਹਾਰਾਂ ਵਿੱਚ ਲੁਟਾਉਣ ਦੇ ਦੋਸ਼ ਲਾਏ ਜਾ ਰਹੇ ਹਨ।
4 ਕਰੋੜ ਪ੍ਰਿੰਟ ਤੇ 11 ਕਰੋੜ ਤੋਂ ਵੱਧ ਇਲੈਕਟ੍ਰਾਨਿਕ ਮੀਡੀਆਂ 'ਤੇ ਖ਼ਰਚ : ਬਠਿੰਡਾ ਦੇ ਰਹਿਣ ਵਾਲੇ ਆਰਟੀਆਈ ਐਕਟੀਵਿਸਟ ਰਾਜਨਦੀਪ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਸ ਵੱਲੋਂ ਕੁਝ ਮਹੀਨੇ ਪਹਿਲਾਂ ਆਰਟੀਆਈ ਰਾਹੀਂ ਪੰਜਾਬ ਸਰਕਾਰ ਤੋਂ ਇਹ ਜਾਣਕਾਰੀ ਮੰਗੀ ਗਈ ਸੀ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਇਸ਼ਤਿਹਾਰਾਂ ਉਪਰ ਕਿੰਨੇ ਪੈਸੇ ਖ਼ਰਚ ਕੀਤੇ ਗਏ ਸਨ। ਇਸ ਸਬੰਧੀ ਤਿੰਨ ਸਵਾਲ ਆਰਟੀਆਈ ਵਿੱਚ ਪੁੱਛੇ ਗਏ ਸਨ। 30 ਦਿਨਾਂ ਦੇ ਅੰਦਰ-ਅੰਦਰ ਆਰਟੀਆਈ ਦਾ ਜਵਾਬ ਦੇਣ ਦੀ ਬਜਾਏ ਪੰਜਾਬ ਸਰਕਾਰ ਵੱਲੋਂ ਇਸ ਆਰਟੀਆਈ ਦਾ ਜਵਾਬ ਕਰੀਬ ਚਾਰ ਮਹੀਨੇ ਬਾਅਦ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 4 ਕਰੋੜ ਪ੍ਰਿੰਟ ਤੇ 11 ਕਰੋੜ ਤੋਂ ਵੱਧ ਇਲੈਕਟ੍ਰਾਨਿਕ ਮੀਡੀਆਂ 'ਤੇ ਖ਼ਰਚ ਕੀਤੇ ਹਨ। ਇਸ ਤੋਂ ਇਲਾਵਾ ਅਜੇ ਹੋਰਡਿੰਗਜ਼ ਦੇ ਖ਼ਰਚੇ ਤੇ ਹੋਰ ਕਈ ਖ਼ਰਚੇ ਤਾਂ ਜੋੜੇ ਹੀ ਨਹੀਂ ਹਨ।
AAP ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਗੁੰਮਰਾਹ ਕਰ ਰਹੀ : ਪੁੱਛੇ ਗਏ ਤਿੰਨ ਸਵਾਲਾਂ ਵਿੱਚੋਂ ਮਾਤਰ ਦੋ ਸਵਾਲਾਂ ਦੇ ਜਵਾਬ ਹੀ ਆਰਟੀਆਈ ਰਾਹੀਂ ਦਿੱਤੇ ਗਏ ਜਿਸ ਵਿੱਚ ਖੁਲਾਸਾ ਹੋਇਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ 16 ਕਰੋੜ ਰੁਪਏ ਦੇ ਇਸ਼ਤਿਹਾਰ ਦੇਸ਼ ਭਰ ਦੇ ਵੱਖ ਵੱਖ ਮੀਡੀਆ ਹਾਊਸ ਨੂੰ ਦਿੱਤੇ ਗਏ। ਜਦਕਿ ਸ਼ਹੀਦ ਭਗਤ ਸਿੰਘ ਪਾਰਕ ਦਾ ਦੋ ਲੱਖ ਰੁਪਏ ਦਾ ਬਿੱਲ ਉਸ ਸਮੇਂ ਪੈਂਡਿੰਗ ਪਿਆ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸ਼ਹੀਦ ਭਗਤ ਸਿੰਘ ਦੇ ਨਾਮ ਉੱਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਕਿਉਂਕਿ ਸ਼ਹੀਦ ਭਗਤ ਸਿੰਘ ਪੂਰੇ ਦੇਸ਼ ਲਈ ਸ਼ਹੀਦ ਹੋਏ ਸਨ। ਪਰ, ਸ਼ਹੀਦ ਭਗਤ ਸਿੰਘ ਦੇ ਨਾਮ ਦੀ ਆੜ ਵਿੱਚ ਆਮ ਆਦਮੀ ਪਾਰਟੀ ਅਪਣਾ ਪ੍ਰਚਾਰ ਲੱਖਾਂ-ਕਰੋੜਾਂ ਖ਼ਰਚ ਕੇ ਕਰ ਰਹੀ ਹੈ।
AAP ਦੀ ਕਹਿਣੀ ਤੇ ਕਰਨੀ 'ਚ ਫ਼ਰਕ :ਰਾਜਨਦੀਪ ਨੇ ਕਿਹਾ ਕਿ ਪ੍ਰਚਾਰ ਉਪਰ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ, ਜੋ ਕਿ ਪੰਜਾਬੀਆਂ ਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ, ਜਿਥੇ ਪ੍ਰਚਾਰ ਮੁਕਤ ਸ਼ਾਸਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਹੀ ਆਏ ਦਿਨ ਇਨ੍ਹਾਂ ਦੇ ਪੰਜਾਬ ਤੇ ਦਿੱਲੀ ਵਿਚਲੇ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤੇ ਜਾ ਰਹੇ ਹਨ। ਇਸ ਤੋਂ ਸਾਫ ਜ਼ਾਹਿਰ ਹੈ ਕਿ ਆਮ ਆਦਮੀ ਪਾਰਟੀ ਦੇ ਕਹਿਣੀ ਅਤੇ ਕਰਨੀ ਵਿੱਚ ਫ਼ਰਕ ਹੈ। ਇਹ ਲੋਕਾਂ ਨੂੰ ਸਿਰਫ ਬੁੱਧੂ ਬਣਾ ਰਹੇ ਹਨ ਅਤੇ ਪੰਜਾਬੀਆਂ ਦਾ ਪੈਸਾ ਪਾਣੀ ਵਾਂਗ ਇਸ਼ਤਿਹਾਰ ਉੱਤੇ ਲੁਟਾ ਕੇ ਆਪਣੀ ਜੈ ਜੈਕਾਰ ਕਰਵਾ ਰਹੇ ਹਨ।
ਇਹ ਵੀ ਪੜ੍ਹੋ:Suicide Case in Barnala: ਖੁਦਕੁਸ਼ੀ ਮਾਮਲੇ ਵਿੱਚ ਇੱਕ ਮੁਲਜ਼ਮ ਕਾਬੂ, ਤਿੰਨਾਂ ਦੀ ਗ੍ਰਿਫ਼ਤਾਰੀ ਉੱਤੇ ਅੜੇ ਪ੍ਰਦਰਸ਼ਨਕਾਰੀ