ਵਿਵਾਦਾਂ ਵਿੱਚ ਘਿਰੀ ਲੋਕਾਂ ਦੀ ਸਹੂਲਤ ਲਈ ਬਣਾਈ ਬਹੁ ਮੰਜਿਲੀ ਕਾਰ ਪਾਰਕਿੰਗ ਬਠਿੰਡਾ:ਪਿਛਲੇ ਦਿਨੀ ਨਗਰ ਨਿਗਮ ਬਠਿੰਡਾ ਵਲੋ ਲੋਕਾਂ ਦੀ ਸਹੂਲਤ ਲਈ ਮਾਲ ਰੋਡ ਉਪਰ ਬਹੁਮੰਜਿਲੀ ਪਾਰਕਿੰਗ ਬਣਾਈ ਗਈ ਸੀ। ਜਿਸ ਦਾ ਟੈਂਡਰ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਪਾਰਕਿੰਗ ਸ਼ੁਰੂ ਕੀਤੀ ਗਈ ਸੀ, ਪ੍ਰੰਤੂ ਇਹ ਪਾਰਕਿੰਗ ਸ਼ਹਿਰ ਵਾਸੀਆਂ ਲਈ ਨਾਸੂਰ ਬਣ ਗਈ ਹੈ। ਇਸ ਪਾਰਕਿੰਗ ਦੇ ਜਰੀਏ ਪ੍ਰਸ਼ਾਸਨ 'ਤੇ ਜਜਈਆ/ਗੁੰਡਾ ਟੈਕਸ ਵਸੂਲਣ ਇਲਜ਼ਾਮ ਲੱਗਣੇ ਸ਼ੁਰੂ ਹੋ ਚੁੱਕੇ ਹਨ।
ਕਮਿਸ਼ਨਰ ਨਗਰ ਨਿਗਮ ਨੂੰ ਮੈਮੋਰੰਡਮ: ਇਸ ਨੂੰ ਲੈਕੇ ਭਾਰਤੀ ਜਨਤਾ ਪਾਰਟੀ ਵਲੋਂ ਲੋਕ ਹਿਤ ਵਿੱਚ ਵਪਾਰੀ ਵਰਗ ਦੀ ਹਮਾਇਤ ਵਿਚ ਮਿਤੀ 08 ਅਗਸਤ ਨੂੰ ਕਮਿਸ਼ਨਰ ਨਗਰ ਨਿਗਮ ਨੂੰ ਇਕ ਮੈਮੋਰੰਡਮ ਵੀ ਦਿਤਾ ਗਿਆ ਸੀ, ਜਿਸ ਵਿਚ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਇਹ ਪਾਰਕਿੰਗ ਦਾ ਮਸਲਾ ਜਲਦ ਹੱਲ ਨਾ ਹੋਇਆ ਤਾਂ ਭਾਜਪਾ ਵਪਾਰੀ ਵਰਗ ਅਤੇ ਸ਼ਹਿਰ ਵਾਸੀਆਂ ਨਾਲ ਹਰ ਪ੍ਰਕਾਰ ਦਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਵੇਗੀ।
ਵਾਅਦਾ ਤੋਂ ਮੁਕਰੀ ਨਗਰ ਨਿਗਮ: ਇਸ ਦੇ ਸਿੱਟੇ ਵਜੋਂ ਬੀਤੇ ਕੱਲ੍ਹ ਨਗਰ ਨਿਗਮ ਦੀ ਬੈਠਕ ਵਿੱਚ ਪੀਲੀ ਲਾਇਨ ਵਿਚ ਵਾਹਨ ਖੜੇ ਕਰਨ 'ਤੇ ਚਲਾਨ ਨਾ ਕਰਨ ਦਾ ਫੈਸਲਾ ਲਿਆ ਗਿਆ ਸੀ ਪਰ ਨਗਰ ਨਿਗਮ ਨੇ ਆਪਣੀ ਨਿਕੰਮੀ ਕਾਰਗੁਜ਼ਾਰੀ ਨੂੰ ਦਰਸਾਉਂਦਿਆਂ ਰਾਤੋ ਰਾਤ ਪੀਲੀ ਲਾਇਨ 'ਤੇ ਕਾਲਾ ਰੰਗ ਕਰ ਕੇ ਆਪਣੇ ਹੀ ਕੀਤੇ ਵਾਇਦੇ ਖਿਲਾਫ ਚੱਲਣ ਦਾ ਕੰਮ ਕੀਤਾ ਹੈ। ਇਸ ਸਬੰਧ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਵਲੋਂ ਨੋਟਿਸ ਲੈਂਦਿਆਂ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਭਾਜਪਾ ਦੀ ਟੀਮ ਅਤੇ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਨੂੰ ਨਾਲ ਕੇ ਸਥਾਨਕ ਮਾਲ ਰੋਡ 'ਤੇ ਬਣੀ ਬਹੁਮੰਜਿਲੀ ਪਾਰਕਿੰਗ ਦੇ ਸਾਹਮਣੇ ਜਮ ਕੇ ਨਾਰੇਬਾਜੀ ਕੀਤੀ ਅਤੇ ਪ੍ਰਸ਼ਾਸਨ ਦੀ ਕਰਤੂਤ ਨੂੰ ਕੋਸਿਆ।
ਠੇਕੇਦਾਰ ਨੂੰ ਫਾਇਦਾ ਦੇ ਰਹੀ ਨਗਰ ਨਿਗਮ:ਇਸ ਮੌਕੇ 'ਤੇ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਜਿਵੇਂ ਨਗਰ ਨਿਗਮ ਦੇ ਅਧਿਕਾਰੀਆ ਨੇ ਵਪਾਰ ਮੰਡਲ ਅਤੇ ਸ਼ਹਿਰ ਦੇ ਨੁਮਾਇੰਦਿਆ ਨੂੰ ਮੀਟਿੰਗ ਵਿੱਚ ਬੁਲਾ ਕੇ ਪੀਲੀ ਲਾਇਨ ਵਿਚ ਗੱਡੀਆਂ ਖੜਨ ਦੀ ਛੋਟ ਦਾ ਵਾਅਦਾ ਕੀਤਾ ਸੀ ਪਰ ਆਪਣੇ ਕੀਤੇ ਵਾਇਦੇ ਤੋਂ ਮੁਨਕਰ ਹੁੰਦੇ ਹੋਏ ਨਗਰ ਨਿਗਮ ਦੇ ਅਧਿਕਾਰੀਆ ਨੇ ਰਾਤੋ ਰਾਤ ਪੀਲੀ ਲਾਇਨ 'ਤੇ ਕਾਲਖ ਪੋਥ ਕੇ ਖਤਮ ਕਰ ਕੇ ਪਾਰਕਿੰਗ ਦੇ ਠੇਕੇਦਾਰ ਨੂੰ ਲਾਭ ਪਹੁੰਚਾਉਣ ਲਈ ਬਠਿੰਡਾ ਵਾਸੀਆਂ ਨਾਲ ਧੋਖਾ ਕੀਤਾ ਹੈ।
ਭਾਜਪਾ ਕਰੇਗੀ ਆਪਣਾ ਸੰਘਰਸ਼: ਸਿੰਗਲਾ ਨੇ ਕਿਹਾ ਕਿ ਇਸ ਨਾਲ ਜਨਤਾ ਦੇ ਨੁਮਾਇੰਦਿਆਂ, ਵਪਾਰੀਆਂ ਅਤੇ ਸ਼ਹਿਰ ਵਾਸੀਆਂ ਦੀ ਤੌਹੀਨ ਕੀਤੀ ਗਈ ਹੈ, ਜਿਸ ਦੀ ਮਿਸਾਲ ਕਿਧਰੇ ਨਹੀਂ ਮਿਲਣੀ। ਉਨ੍ਹਾਂ ਕਿਹਾ ਕਿ ਇਸ ਤਰਾਂ ਦਾ ਕੰਮ ਨਾ ਕਦੀ ਹੋਇਆ ਅਤੇ ਨਾ ਕਿਧਰੇ ਹੋਣਾ ਹੈ। ਨਗਰ ਨਿਗਮ ਦੇ ਅਧਿਕਾਰੀਆ ਦਾ ਇਹ ਇਕ ਬੇਹੱਦ ਸ਼ਰਮਨਾਕ ਕੰਮ ਹੈ। ਉਨ੍ਹਾਂ ਸ਼ਹਿਰ ਦੇ ਵਪਾਰੀਆਂ ਨੂੰ ਇੰਨਸਾਫ ਦਿਵਾਉਣ ਲਈ ਨਗਰ ਨਿਗਮ ਦੇ ਅਧਿਕਾਰੀਆਂ 'ਤੇ ਕਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸਿੰਗਲਾ ਨੇ ਕਿਹਾ ਕਿ ਜੇਕਰ ਜਲਦ ਇਹ ਕਾਰਵਾਈ ਨਾ ਕੀਤੀ ਗਈ ਤਾਂ ਭਾਜਪਾ ਸ਼ਹਿਰ ਵਾਸੀਆਂ ਅਤੇ ਵਪਾਰੀਆਂ ਨਾਲ ਮਿਲ ਕੇ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਵੇਗੀ।