ਬਠਿੰਡਾ :ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਪੈਰੋਲ ਤੋਂ ਆਉਣ ਤੋਂ ਬਾਅਦ ਡੇਰਾ ਪ੍ਰੇਮੀਆਂ ਦੀਆਂ ਸਰਗਰਮੀਆਂ ਵੀ ਲਗਾਤਾਰ ਵਧ ਰਹੀਆਂ ਹਨ। ਹੁਣ ਇਹ ਇਲਜ਼ਾਮ ਲੱਗ ਰਹੇ ਹਨ ਕਿ ਡੇਰੇ ਦਾ ਚੈਨਲ ਪ੍ਰਮੋਟ ਕਰਨ ਲਈ ਡੇਰਾ ਪ੍ਰੇਮੀ ਲੋਕਾਂ ਦੇ ਫੋਨ ਫੜ੍ਹ ਕੇ ਧੱਕੇ ਨਾਲ ਸਬਸਕ੍ਰਾਇਬ ਕਰ ਰਹੇ ਹਨ। ਦੂਜੇ ਪਾਸੇ ਡੇਰਾ ਮੁਖੀ ਲਗਾਤਾਰ ਆਨਲਾਇਨ ਸਤਸੰਗ ਕਰ ਰਿਹਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਣ ਨਾਲ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਵੱਲੋਂ ਡੇਰੇ ਦੀਆਂ ਗਤੀਵਿਧੀਆਂ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਸ ਸ਼ਿਕਾਇਤ ਕੀਤੀ ਗਈ ਹੈ।
ਸਿੱਖ ਸੰਗਤ ਵਿੱਚ ਪਾਇਆ ਜਾ ਰਿਹਾ ਹੈ ਰੋਸ:ਜ਼ਿਕਰਯੋਗ ਹੈ ਕਿ ਪੰਜਾਬ ਦੀ ਹੱਦ ਨਾਲ ਲਗਦੇ ਹਰਿਆਣਾ ਦੇ ਸਿੱਖ ਬਹੁ ਗਿਣਤੀ ਪਿੰਡਾਂ ਵਿੱਚ ਡੇਰਾ ਸਿਰਸਾ ਦੇ ਚੇਲਿਆਂ ਵੱਲੋਂ ਆਮ ਲੋਕਾਂ ਦੇ ਫੋਨ ਧੱਕੇ ਨਾਲ ਜਾਂ ਕਿਸੇ ਤਰੀਕੇ ਫੜਨ ਉਪਰੰਤ ਆਪਣੇ ਡੇਰੇ ਦਾ ਚੈਨਲ ਸਬਸਕ੍ਰਾਈਬ ਕਰ ਰਹੇ ਹਨ। ਇਹ ਮਾਮਲੇ ਲਗਾਤਾਰ ਸਾਹਮਣੇ ਆਉਣ ਉਪਰੰਤ ਸਿੱਖ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸੇ ਕੜੀ ਵਿੱਚ ਅੱਜ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਦੇਸੂ ਮਲਕਾਣਾ ਵਾਸੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਦੌਰਾਨ ਉਕਤ ਕਾਰੇ ਤੋਂ ਜਾਣੂੰ ਕਰਵਾਇਆ।