ਰਿਸ਼ਵਤ ਕਾਂਡ 'ਚ ਫਸੇ 'ਆਪ' ਵਿਧਇਕ ਅਮਿਤ ਰਤਨ ਦੀ ਬਠਿੰਡਾ ਕੋਰਟ 'ਚ ਪੇਸ਼ੀ, ਅਗਲੀ ਸੁਣਵਾਈ 27 ਅਪ੍ਰੈਲ ਨੂੰ ਬਠਿੰਡਾ: ਹਲਕਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਜਿਨ੍ਹਾਂ ਦੇ ਨਿੱਜੀ ਸਹਾਇਕ ਵੱਲੋਂ 5 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਮੁਲਜ਼ਮ ਅਮਿਤ ਰਤਨ ਨੂੰ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੇਸ਼ੀ ਦੇ ਦੌਰਾਨ ਅਮਿਤ ਰਤਨ ਦੇ ਹਾਵ-ਭਾਵ ਦੇ ਵਿੱਚ ਵੀ ਬਦਲਾਵ ਨਜ਼ਰ ਆਇਆ। ਮੀਡੀਆ ਵੱਲੋਂ ਮੁਲਜ਼ਮ ਅਮਿਤ ਰਤਨ ਦੇ ਨਾਲ ਮਾਮਲੇ ਸਬੰਧੀ ਗੱਲਬਾਤ ਕੀਤੇ ਜਾਣ ਲਈ ਕੋਸ਼ਿਸ਼ ਕੀਤੀ ਗਈ ਪਰ ਅੰਮਿਤ ਰਤਨ ਨੇ ਮੀਡੀਆ ਦੇ ਸਾਹਮਣੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਜ਼ਮਾਨਤ ਲਈ ਚਾਰਜਸ਼ੀਟ ਦੀ ਕਾਪੀ ਮਿਲਣੀ ਜ਼ਰੂਰੀ: ਬਠਿੰਡਾ ਕੋਰਟ ਵਿੱਚ ਪੇਸ਼ੀ ਦੇ ਦੌਰਾਨ ਅਮਿਤ ਰਤਨ ਦੇ ਐਡਵੋਕੇਟ ਹਰਪ੍ਰੀਤ ਸਿੰਘ ਸਿੱਧੂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਅਦਾਲਤ ਵੱਲੋਂ 27 ਅਪ੍ਰੈਲ 2023 ਨੂੰ ਮੁੜ ਤੋਂ ਪੇਸ਼ੀ ਲਈ ਬੁਲਾਇਆ ਗਿਆ ਹੈ। ਵਕੀਲ ਨੇ ਦੱਸਿਆ ਕਿ ਪਿਛਲੇ ਦਿਨੀਂ ਅਮਿਤ ਰਤਨ ਦੇ ਖ਼ਿਲਾਫ਼ ਜੋ ਵਿਜੀਲੈਂਸ ਵੱਲੋਂ ਚਾਰਜਸ਼ੀਟ ਦਾਖਲ ਕੀਤੀ ਸੀ ਤਾਂ ਉਸ ਦੀ ਕਾਪੀ ਦੀ ਮੰਗ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੀ 27 ਤਰੀਕ ਦੀ ਪੇਸ਼ੀ ਉੱਤੇ ਉਨ੍ਹਾਂ ਨੂੰ ਚਾਰਜਸ਼ੀਟ ਕਾਪੀ ਦਿੱਤੀ ਜਾਵੇਗੀ। ਜਿਸ ਦੇ ਆਧਾਰ ਉੱਤੇ ਉਹ ਆਪਣੇ ਇਸ ਕੇਸ ਨੂੰ ਹੋਰ ਮਜ਼ਬੂਤ ਕਰ ਕੇ ਬੇਲ ਦੇ ਲਈ ਅਰਜ਼ੀ ਦਾਖਲ ਕਰਨਗੇ।
ਪੰਜ ਲੱਖ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ:ਇੱਥੇ ਦੱਸਣਯੋਗ ਹੈ ਕਿ ਬਠਿੰਡਾ ਦੇ ਸਰਕਟ ਹਾਊਸ ਦੇ ਬਾਹਰ ਅਮਿਤ ਰਤਨ ਦੇ ਨਿੱਜੀ ਸਹਾਇਕ ਰਿਸ਼ਵ ਨੂੰ ਪਿੰਡ ਘੁੱਦਾ ਦੀ ਸਰਪੰਚ ਦੇ ਪਤੀ ਪ੍ਰਿਤਪਾਲ ਸਿੰਘ ਤੋਂ ਪੰਜ ਲੱਖ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਸਮੇਂ ਐੱਮਐੱਲਏ ਅਮਿਤ ਰਤਨ ਸਰਕਟ ਹਾਊਸ ਵਿੱਚ ਮੌਜੂਦ ਸਨ। ਇਸ ਕਾਰਵਾਈ ਦੌਰਾਨ ਵਿਜੀਲੈਂਸ ਵੱਲੋਂ ਅਮਿਤ ਰਤਨ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ, ਜਿਸ ਉੱਤੇ ਸ਼ਿਕਾਇਤਕਰਤਾ ਪ੍ਰਿਤਪਾਲ ਸਿੰਘ ਨੇ ਇਤਰਾਜ ਜਾਹਰ ਕਰਦੇ ਹੋਏ ਮੁੜ ਵਿਜੀਲੈਂਸ ਅਧਿਕਾਰੀਆਂ ਤੱਕ ਪਹੁੰਚ ਕੀਤੀ ਸੀ। ਇਸ ਤੋਂ ਮਗਰੋਂ ਕੁਝ ਦਿਨਾਂ ਬਾਅਦ ਇਸ ਰਿਸ਼ਵਤ ਕਾਂਡ ਵਿੱਚ ਐੱਮਐੱਲਏ ਅਮਿਤ ਰਤਨ ਨੂੰ ਵੀ ਅੰਬਾਲਾ ਰਾਜਪੁਰਾ ਰੋਡ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਅਮਿਤ ਰਤਨ ਨੂੰ ਕੁੱਝ ਦਿਨ ਵਿਜੀਲੈਂਸ ਵੱਲੋਂ ਰਿਮਾਂਡ ਉੱਤੇ ਰੱਖਣ ਤੋਂ ਬਾਅਦ ਅਦਾਲਤ ਵੱਲੋਂ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅੱਜ ਪੇਸ਼ੀ ਉੱਤੇ ਪੁਲਿਸ ਵੱਲੋਂ ਵਿਧਾਇਕ ਅਮਿਤ ਰਤਨ ਨੂੰ ਬਠਿੰਡਾ ਕੋਰਟ ਵਿੱਚ ਲਿਆਂਦਾ ਗਿਆ।
ਇਹ ਵੀ ਪੜ੍ਹੋ:ਮੰਤਰੀ ਹਰਭਜਨ ਸਿੰਘ ਈਟੀਓ ਨੇ ਕੀਤੀ ਪੰਜਾਬ ਸਰਕਾਰ ਦੀ ਸ਼ਲਾਘਾ, ਕਿਹਾ- ਸਰਕਾਰ ਨੇ ਟੋਲ ਪਲਾਜ਼ੇ ਬੰਦ ਕਰਵਾ ਕੇ ਆਮ ਲੋਕਾਂ ਦੀ ਰੋਕੀ ਲੁੱਟ