ਬਰਨਾਲਾ:ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੇ ਸੱਦੇ 'ਤੇ ਅੱਜ ਇੱਥੇ ਦਾਣਾ ਮੰਡੀ ਵਿੱਚ ਬਸੰਤੀ ਚੁੰਨੀਆਂ ਦਾ ਹੜ੍ਹ ਲਿਆ ਕੇ ਹਜ਼ਾਰਾਂ ਔਰਤਾਂ ਨੇ ਕੌਮਾਂਤਰੀ ਔਰਤ ਦਿਵਸ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ। ਉਹ 'ਔਰਤ ਦਿਵਸ ਦਾ ਇਹ ਪੈਗ਼ਾਮ, ਜਾਰੀ ਰੱਖਣਾ ਹੈ ਸੰਗਰਾਮ' ਵਰਗੇ ਜੋਸ਼ੀਲੇ ਨਾਹਰੇ ਮਾਰਦੀਆਂ ਹੋਈਆਂ ਕਾਫ਼ਲਿਆਂ ਦੇ ਰੂਪ ਵਿੱਚ ਪੰਡਾਲ ਵਿੱਚ ਪੁੱਜ ਰਹੀਆਂ ਸਨ। ਵੱਖ ਵੱਖ ਜ਼ਿਲ੍ਹਿਆਂ ਤੋਂ ਪੁੱਜੀਆਂ ਮੁੱਖ ਆਗੂ ਔਰਤਾਂ ਹੀ ਸਟੇਜ ਉੱਤੇ ਬਿਰਾਜਮਾਨ ਸਨ ਅਤੇ ਸਟੇਜ ਸਕੱਤਰ ਦੀ ਭੂਮਿਕਾ ਕਮਲਦੀਪ ਕੌਰ ਬਰਨਾਲਾ ਨਿਭਾ ਰਹੀ ਸੀ।
ਸੰਘਰਸ਼ਮਈ ਇਤਿਹਾਸ ਉੱਤੇ ਝਾਤ: ਦਿੱਲੀ ਤੋਂ ਪੁੱਜੀ ਕੌਮੀ ਪੱਧਰ ਦੀ ਜਮਹੂਰੀ ਹੱਕਾਂ ਦੀ ਕਾਰਕੁਨ ਨਵਸ਼ਰਨ ਕੌਰ ਨੇ ਔਰਤ ਦਿਵਸ ਦੇ ਸੰਘਰਸ਼ਮਈ ਇਤਿਹਾਸ ਉੱਤੇ ਝਾਤ ਪੁਆਈ। ਕਿਵੇਂ ਸਾਡੇ ਸਮਾਜਿਕ ਰਾਜਨੀਤਕ ਢਾਂਚੇ ਵਿੱਚ ਔਰਤ ਦਾ ਦਰਜਾ ਅਜੇ ਵੀ ਦੂਜੇ ਦਰਜੇ ਦੇ ਸ਼ਹਿਰੀ ਵਾਲ਼ਾ ਹੋਣ ਕਰਕੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਅਣਗਿਣਤ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਕਿਰਤੀਆਂ ਦੀ ਆਰਥਿਕ ਲੁੱਟ ਅਤੇ ਸਮਾਜਿਕ ਵਿਤਕਰੇਬਾਜ਼ੀ ਦਾ ਖਾਤਮਾ ਔਰਤਾਂ ਵੱਲੋਂ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੰਬੇ ਸੰਘਰਸ਼ਾਂ ਰਾਹੀਂ ਹੀ ਸੰਭਵ ਹੈ। ਔਰਤ ਆਗੂ ਹਰਿੰਦਰ ਕੌਰ ਬਿੰਦੂ ਨੇ ਪੰਜਾਬ ਦੀਆਂ ਔਰਤਾਂ ਵੱਲੋਂ ਹੁਣ ਤੱਕ ਲੜੇ ਗਏ ਅਤੇ ਜਿੱਤੇ ਗਏ ਸਾਰੇ ਕਿਸਾਨੀ ਸੰਘਰਸ਼ਾਂ ਵਿੱਚ ਨਿਭਾਈ ਗਈ ਸਿਰਕੱਢ ਆਪਾ ਵਾਰੂ ਭੂਮਿਕਾ ਦੀਆਂ ਚੋਣਵੀਆਂ ਮਿਸਾਲਾਂ ਦੇ ਜ਼ਿਕਰ ਨਾਲ ਸਭ ਨੂੰ ਜਾਣੂ ਕਰਵਾਇਆ। ਉਨ੍ਹਾਂ ਵੱਲੋਂ ਸਮੂਹ ਔਰਤਾਂ ਨੂੰ ਜਥੇਬੰਦੀ ਵੱਲੋਂ ਪ੍ਰਸਤਾਵਿਤ ਨਵੀਂ ਖੇਤੀ ਨੀਤੀ ਨੂੰ ਲਾਗੂ ਕਰਵਾਉਣ ਅਤੇ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਸਮੇਤ ਮੁਕੰਮਲ ਕਰਜ਼ਾ ਮੁਕਤੀ ਵਰਗੀ ਭਖਦੇ ਮਸਲਿਆਂ ਉੱਤੇ ਸਾਹਮਣੇ ਖੜ੍ਹੇ ਸੰਘਰਸ਼ਾਂ ਵਿੱਚ ਵੀ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।
ਨਵੀਂ ਖੇਤੀ ਨੀਤੀ: ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਰਚਾ ਅਧੀਨ ਲਿਆਂਦੀ ਗਈ ਨਵੀਂ ਖੇਤੀ ਨੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਹੋਣੀ ਨੂੰ ਤਹਿ ਕਰਨ ਵਾਲ਼ਾ ਭਖਦਾ ਮੁੱਦਾ ਅੱਜ ਦੀ ਔਰਤ ਕਾਨਫਰੰਸ ਦਾ ਕੇਂਦਰੀ ਮੁੱਦਾ ਹੈ, ਕਿਉਂਕਿ ਔਰਤ ਮੁਕਤੀ ਦਾ ਮਸਲਾ ਸਾਡੇ ਖੇਤੀ ਪ੍ਰਧਾਨ ਦੇਸ਼ ਦੀ ਵਸੋਂ ਦੇ ਸਭ ਤੋਂ ਵੱਡੇ ਇਸ ਕਿਰਤੀ ਹਿੱਸੇ ਦੀ ਅੰਨ੍ਹੀ ਲੁੱਟ ਤੋਂ ਮੁਕੰਮਲ ਮੁਕਤੀ ਨਾਲ਼ ਹੀ ਜੁੜਿਆ ਹੋਇਆ ਹੈ। ਖੇਤੀ ਧੰਦੇ ਦੀ ਹੱਡ ਭੰਨਵੀਂ ਕਿਰਤ ਨੂੰ ਚੁੰਬੜੀਆਂ ਤਿੰਨ ਵੱਡੀਆਂ ਜੋਕਾਂ ਜਗੀਰਦਾਰਾਂ, ਸੂਦਖੋਰਾਂ ਅਤੇ ਸਾਮਰਾਜੀ ਕਾਰਪੋਰੇਟਾਂ ਦਾ ਖੇਤੀ ਖੇਤਰ 'ਚੋਂ ਸਫ਼ਾਇਆ ਕਰਨ ਨਾਲ ਹੀ ਇਸ ਅੰਨ੍ਹੀ ਲੁੱਟ ਤੋਂ ਮੁਕਤੀ ਹੋਣੀ ਹੈ। ਜ਼ਮੀਨਾਂ ਅਤੇ ਖੇਤੀ ਸੰਦਾਂ-ਸਾਧਨਾਂ ਦੀ ਕਾਣੀ ਵੰਡ ਦੇ ਖਾਤਮੇ ਲਈ ਜ਼ਮੀਨੀ ਹੱਦਬੰਦੀ ਕਾਨੂੰਨ ਸਖ਼ਤੀ ਨਾਲ ਲਾਗੂ ਕਰਨਾ, ਸੂਦਖੋਰੀ ਦੇ ਮੁਕੰਮਲ ਖਾਤਮੇ ਲਈ ਸਖ਼ਤ ਕਰਜ਼ਾ ਕਾਨੂੰਨ ਬਣਾਉਣਾ ਅਤੇ ਖੇਤੀ ਲਾਗਤਾਂ ਤੇ ਫ਼ਸਲਾਂ ਦੀਆਂ ਮੰਡੀਆਂ ਵਿੱਚੋਂ ਸਾਮਰਾਜੀ ਕਾਰਪੋਰੇਟਾਂ ਨੂੰ ਬਾਹਰ ਕੱਢਣਾ ਨਵੀਂ ਖੇਤੀ ਨੀਤੀ ਦੇ ਮੁੱਖ ਮੁੱਦੇ ਹਨ।