ਬਰਨਾਲਾ: ਗੰਨੇ ਦੀ ਕਾਸ਼ਤ ਕਰ ਕਿਸਾਨਾਂ ਨੂੰ ਲਗਾਤਾਰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਕਿਸਾਨਾਂ ਨੇ ਗੰਨੇ ਦੀ ਕਾਸ਼ਤ ਤੋਂ ਮੂੰਹ ਫੇਰ ਲਿਆ ਹੈ। ਜ਼ਿਲੇ ਵਿੱਚ ਲਗਾਤਾਰ ਗੰਨੇ ਹੇਠਲਾ ਖੇਤੀ ਦਾ ਰਕਬਾ ਘਟਦਾ ਜਾ ਰਿਹਾ ਹੈ ਅਤੇ ਖ਼ਤਮ ਹੋਣ ਦੀ ਕਗਾਰ ’ਤੇ ਹੀ ਪੁੱਜ ਗਿਆ ਹੈ। ਬਰਨਾਲਾ ਵਿੱਚ ਗੰਨੇ ਅਧੀਨ ਮੌਜੂਦਾ ਸਮੇਂ ਵਿੱਚ ਸਿਰਫ਼ 296 ਹੈਕਟੇਅਰ ਰਕਬਾ ਗੰਨੇ ਦੀ ਫ਼ਸਲ ਅਧੀਨ ਹੈ। ਜਦੋਂਕਿ ਪਿਛਲੇ 2019 ਵਿੱਚ ਇਹ ਰਕਬਾ 511 ਹੈਕਟੇਅਰ ਅਤੇ 2018 ਵਿੱਚ 547 ਹੈਕਟੇਅਰ ਰਿਹਾ ਹੈ।
ਕਿਸਾਨਾਂ ਵਲੋਂ ਗੰਨੇ ਦੀ ਖੇਤੀ ਛੱਡਣ ਦਾ ਕਾਰਨ ਘੱਟ ਭਾਅ, ਬਕਾਇਆ ਰਾਸ਼ੀ ’ਚ ਦੇਰੀ ਅਤੇ ਮੰਡੀਕਰਨ ਦੀ ਸਮੱਸਿਆ ਹੈ। ਕਿਸਾਨਾਂ ਨੂੰ ਗੰਨੇ ਦੀ ਫ਼ਸਲ ਦੀ ਰਕਮ ਕਈ ਕਈ ਮਹੀਨੇ ਨਹੀਂ ਮਿਲ ਰਹੀ। ਬਰਨਾਲਾ ਜ਼ਿਲੇ ਵਿੱਚ ਕੋਈ ਵੀ ਸ਼ੂਗਰ ਮਿੱਲ ਨਾ ਹੋਣ ਕਾਰਨ ਕਿਸਾਨਾਂ ਨੂੰ ਦੂਜੇ ਜ਼ਿਲਿਆਂ ਵਿੱਚ ਸ਼ੂਗਰ ਮਿੱਲਾਂ ਵਿੱਚ ਗੰਨਾ ਵੇਚਣ ਜਾਣਾ ਪੈਂਦਾ ਹੈ। ਜਿੱਥੇ ਕਈ ਕਈ ਰਾਤਾਂ ਲੱਗ ਜਾਂਦੀਆਂ ਹਨ। ਇਸਤੋਂ ਬਾਅਦ ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਵੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਕਿਸਾਨਾਂ ਵਲੋਂ ਕਰਜ਼ਾ ਚੁੱਕ ਕੇ ਇਹ ਖੇਤੀ ਕੀਤੀ ਜਾਂਦੀ ਹੈ। ਉਧਰ ਫ਼ਸਲ ਦੀ ਆਮਦਨ ਦੇਰ ਨਾਲ ਮਿਲਣ ਕਰਕੇ ਕਿਸਾਨਾਂ ਵਿਆਜ਼ ਦੀ ਮਾਰ ਵੀ ਝੱਲ ਰਹੇ ਹਨ। ਕਿਸਾਨਾਂ ਦਾ ਤਰਕ ਇਹ ਵੀ ਹੈ ਕਿ ਗੰਨੇ ਦੀ ਖੇਤੀ ਲਈ ਹੋਰਨਾਂ ਫ਼ਸਲਾਂ ਤੋਂ ਵਧੇਰੇ ਮਿਹਨਤ ਕਰਨੀ ਪੈਂਦੀ ਹੈ। ਪਰ ਮਿਹਨਤ ਅਨੁਸਾਰ ਉਹਨਾਂ ਨੂੰ ਮੁੱਲ ਨਹੀਂ ਮਿਲਦਾ। ਜਿਸ ਕਰਕੇ ਕਿਸਾਨ ਗੰਨੇ ਦੀ ਖੇਤੀ ਤੋਂ ਕਿਨਾਰਾ ਕਰਦੇ ਜਾ ਰਹੇ ਹਨ। ਖੇਤੀਬਾੜੀ ਵਿਭਾਗ ਵੀ ਗੰਨੇ ਦੀ ਖੇਤੀ ਕਿਸਾਨਾਂ ਵਲੋਂ ਛੱਡਣ ਦਾ ਕਾਰਨ ਬਕਾਇਆ ਰਾਸ਼ੀ ਜਲਦ ਨਾ ਮਿਲਣਾ ਦੱਸ ਰਿਹਾ ਹੈ।