ਬਰਨਾਲਾ:ਪੰਜਾਬ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ’ਤੇ ਪ੍ਰੀਪੇਡ ਜਾਂ ਸਮਾਰਟ ਬਿਜਲੀ ਮੀਟਰ ਲਗਾਉਣ ਲਈ ਦਬਾਅ (prepaid meters in Punjab) ਬਣਾਇਆ ਜਾ ਰਿਹਾ ਹੈ। ਜਿਸ ਤਹਿਤ ਪੰਜਾਬ ਦੇ ਕੁੱਝ ਪਿੰਡਾਂ ਵਿੱਚ ਇਹ ਸਮਾਰਟ ਬਿਜਲੀ ਮੀਟਰ ਲਗਾਉਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਜਦਕਿ ਇਸੇ ਉਲਟ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਇਹ ਪ੍ਰੀਪੇਡ ਬਿਜਲੀ ਮੀਟਰ ਨਾ ਲੱਗਣ ਦੇਣ ਦਾ ਐਲਾਨ ਕੀਤਾ ਹੈ।
ਪੰਜਾਬ ਵਿੱਚ ਪ੍ਰੀਪੇਡ ਮੀਟਰ ਲਗਾਉਣ ਨੂੰ ਲੈਕੇ ਕਿਸਾਨ ਆਗੂ ਜੋਗਿੰਦਰ ਉਗਰਾਹਾਂ ਦਾ ਬਿਆਨ ਇਸ ਸਬੰਧੀ ਭਾਕਿਯੂ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਨਿੱਜੀਕਰਨ ਦੀ ਨੀਤੀ ਤਹਿਤ ਪ੍ਰੀਪੇਡ ਮੀਟਰ ਲਗਾਏ ਜਾ ਰਹੇ ਹਨ। ਪੈਟਰੋਲ ਤੇ ਡੀਜ਼ਲ ਦੀ ਤਰ੍ਹਾਂ ਬਿਜਲੀ ਵੀ ਨਿੱਜੀ ਹੱਥਾਂ ਵਿੱਚ ਦੇਣ ਦੀ ਸਰਕਾਰਾਂ ਤਿਆਰੀ ਕਰ ਰਹੀਆਂ ਹਨ। ਜਿਸ ਤਹਿਤ ਇਹ ਪ੍ਰੀਪੇਡ ਜਾਂ ਸਮਾਰਟ ਮੀਟਰ ਲਗਾਏ ਜਾ ਰਹੇ ਹਨ।
ਇਸ ਦੌਰਾਨ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਕਿ ਉਨ੍ਹਾਂ ਦੀ ਜੱਥੇਬੰਦੀ ਇੰਨ੍ਹਾਂ ਮੀਟਰਾਂ ਦਾ ਡਟ ਕੇ ਵਿਰੋਧ ਕਰੇਗੀ ਅਤੇ ਕਿਸੇ ਵੀ ਪਿੰਡ ਵਿੱਚ ਇਹ ਬਿਜਲੀ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤੇਲ ਕੀਮਤਾਂ ਦੇ ਰੇਟ ਦਿਨੋਂ ਦਿਨ ਵਧਾਏ ਜਾ ਰਹੇ ਹਨ, ਉਸੇ ਤਰ੍ਹਾਂ ਨਿੱਜੀ ਹੱਥਾਂ ਵਿੱਚ ਬਿਜਲੀ ਦੇ ਕੇ ਇਸਦੇ ਰੇਟ ਵੀ ਵਧਾਏ ਜਾਣਗੇ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਇਹ ਸਹੂਲਤਾਂ ਦੂਰ ਕੀਤੇ ਜਾਣ ਦੀ ਸਰਕਾਰ ਤਿਆਰੀ ਕਰ ਰਹੀ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਬਿਜਲੀ ਮੰਤਰੀ ਵੀ ਇਸ ਮਾਮਲੇ ਵਿੱਚ ਦੋਗਲੀ ਗੱਲ ਆਖ ਰਿਹਾ ਹੈ ਕਿ ਇੱਕ ਪਾਸੇ ਲੋਕਾਂ ਨੂੰ ਬਿਜਲੀ ਮੁਫਤ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਦੂਜੇ ਪਾਸੇ ਇਹ ਸਮਾਰਟ ਮੀਟਰ ਲਗਾਉਣ ਦੀ ਗੱਲ ਆਖ ਰਿਹਾ ਹੈ ਜਿਸ ਕਰਕੇ ਸਾਡੀ ਜਥੇਬੰਦੀ ਇਹ ਬਿਜਲੀ ਮੀਟਰ ਨਹੀਂ ਲੱਗਣ ਦੇਵੇਗੀ।
ਇਹ ਵੀ ਪੜ੍ਹੋ:ਭਲਕੇ ਪੰਜਾਬ ਵਿਧਾਨਸਭਾ ਦਾ ਵਿਸ਼ੇਸ਼ ਇਜਲਾਸ