ਬਰਨਾਲਾ :ਨਸ਼ਾ ਪੰਜਾਬ ਦੇ ਹੱਡਾਂ 'ਚ ਰਚ ਚੁੱਕਾ ਹੈ। ਇਸੇ ਲਈ ਨਸ਼ੇ ਨੂੰ ਖ਼ਤਮ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤਾ ਜਾ ਰਹੇ ਹਨ। ਇੰਨ੍ਹਾਂ ਉਪਰਾਲਿਆਂ ਦੇ ਚੱਲਦੇ ਹੀ ਹਲਕਾ ਭਦੌੜ ਦੇ ਪਿੰਡ ਰੂੜੇਕੇ 'ਚ ਨਸ਼ੇ ਦੇ ਖਾਤਮੇ ਲਈ ਪਿੰਡ ਦੇ ਕਲੱਬ, ਪੰਚਾਇਤ, ਸਮਾਜ ਸੇਵੀਆਂ ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈ, ਜੋ ਲੋਕਾਂ ਨੂੰ ਜਾਗਰੂਕ ਕਰੇਗੀ ਅਤੇ ਨਸ਼ੇ ਦੇ ਖਾਤਮੇ ਲਈ ਸਹਿਯੋਗ ਕਰੇਗੀ। ਇਹ ਕਮੇਟੀ ਪਿੰਡਾਂ ਵਿੱਚ ਸੈਮੀਨਾਰ ਕਰਵਾਏਗੀ। ਇਸ ਦੌਰਾਨ ਹੀ 6 ਮਹੀਨੇ ਪਹਿਲਾਂ ਚਿੱਟਾ ਛੱਡ ਕੇ ਆਏ ਇਕ ਨੌਜਵਾਨ ਵੱਲੋਂ ਆਪਣਾ ਪਿਛੋਕੜ ਬਿਆਨ ਕਰਦੇ ਹੋਏ ਲੋਕਾਂ ਨੂੰ ਪ੍ਰੇਰਿਤ ਕੀਤਾ।
ਨਸ਼ਾ ਮੁਕਤ ਮੁਹਿੰਮ ਤਹਿਤ ਸੈਮੀਨਾਰ:ਨਸ਼ੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਦੇ ਵਿਚਕਾਰ ਇੱਕ ਵਿਸ਼ਾਲ ਨਸ਼ਾ ਮੁਕਤ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ। ਪੁਲਿਸ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਨੂੰ ਪਿੰਡ ਦੀ ਕਮੇਟੀ ਬਣਾਉਣ ਦੀ ਅਪੀਲ ਵੀ ਕੀਤੀ, ਉਥੇ ਹੀ ਪੁਲਿਸ ਪ੍ਰਸ਼ਾਸਨ ਨੇ ਨਸ਼ਾ ਤਸਕਰਾਂ ਨੂੰ ਫੜਨ ਦਾ ਦਾਅਵਾ ਵੀ ਕੀਤਾ। ਪੁਲਿਸ ਨੇ ਆਖਿਆ ਕਿ ਜੋ ਵੀ ਨਸ਼ਾ ਵੇਚਦਾ ਫੜਿਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸੈਮੀਨਾਰ 'ਚ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ ਅਤੇ ਇਸ ਸੈਮੀਨਾਰ 'ਚ ਚਿੱਟਾ ਛੱਡ ਚੁੱਕੇ ਨੌਜਵਾਨਾਂ ਨੇ ਵੀ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਜਾਗਰੂਕ ਕੀਤਾ। ਨੌਜਵਾਨਾਂ ਨੇ ਆਖਿਆ ਕਿ ਨਸ਼ੇ ਦਾ ਤਿਆਗ ਕਰਕੇ ਇੱਕ ਚੰਗਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਲਈ ਸਮਰਪਣ ਅਤੇ ਆਤਮ-ਵਿਸ਼ਵਾਸ ਦੀ ਲੋੜ ਹੁੰਦੀ ਹੈ। ਉਕਤ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਨਸ਼ਿਆਂ ਖਿਲਾਫ ਸਖਤ ਕਦਮ ਚੁੱਕੇ ਜਾਣ ਅਤੇ ਪਿੰਡ 'ਚ ਨਸ਼ਾ ਵੇਚਣ ਆਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।