ਬਰਨਾਲਾ:ਜ਼ਿਲ੍ਹੇ ਦੇ ਪਿੰਡ ਕੈਰੇ ਵਿਖੇ ਇੱਕ ਪੰਚਾਇਤ ਮੈਂਬਰ ਆਪਣੇ ਵਾਰਡ ਨੂੰ ਨਜ਼ਰਅੰਦਾਜ਼ ਕੀਤੇ ਜਾਣ ਤੋਂ ਤੰਗ ਆ ਕੇ ਆਪਣੇ ਹੀ ਸਰਪੰਚ ਵਿਰੁੱਧ ਭੁੱਖ ਹੜਤਾਲ ਉਪਰ ਬੈਠ ਗਿਆ ਹੈ। ਪਿੰਡ ਦੇ ਵਾਰਡ ਨੰਬਰ ਇੱਕ ਦੇ ਪੰਚ ਪਰਮਜੀਤ ਸਿੰਘ ਵਲੋਂ ਇਹ ਭੁੱਖ ਹੜਤਾਲ ਸਵੇਰੇ 10 ਵਜੇ ਪਿੰਡ ਦੇ ਸ਼ਮਸ਼ਾਨਘਾਟ ਅੱਗੇ ਸ਼ੁਰੂ ਕੀਤੀ ਗਈ।
ਐਸਸੀ ਭਾਈਚਾਰ ਨਾਲ ਵਿਤਕਰਾ: ਪੰਚ ਪਰਮਜੀਤ ਸਿੰਘ ਕੈਰੇ ਨੇ ਦੱਸਿਆ ਕਿ ਪਿੰਡ ਦੀ ਸਰਪੰਚ ਅਮਰਜੀਤ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਨ ਵਿੱਚ ਸਾਡੇ ਐੱਸ.ਸੀ.ਭਾਈਚਾਰੇ ਦੀਆ 85 ਫੀਸਦ ਵੋਟਾਂ ਦਾ ਸਮਰਥਨ ਦੇ ਕੇ ਪਿੰਡ ਦਾ ਸਰਪੰਚ ਬਣਾਇਆ ਗਿਆ ਸੀ। ਪਰ ਸਰਪੰਚ ਵਲੋਂ ਐਸਸੀ ਭਾਈਚਾਰੇ ਨਾਲ ਜਾਤੀ ਵਿਤਕਰਾ ਕਰਦੇ ਹੋਏ ਮੇਰੇ ਵਾਰਡ ਨੰਬਰ 1 ਵਿੱਚ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਇਸਦੀ ਸ਼ਿਕਾਇਤ ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਦੇ ਚੁੱਕਾ ਹਾਂ।
15 ਸਤੰਬਰ ਤਕ ਦਾ ਮਿਲਿਆ ਸਮਾਂ:ਉਨ੍ਹਾਂ ਕਿਹਾ ਕਿ 9 ਸਤੰਬਰ ਨੂੰ ਸਰਪੰਚ ਅਤੇ ਸਬੰਧਿਤ ਅਧਿਕਾਰੀਆਂ ਦੇ ਵੀ ਧਿਆਨ ਵਿੱਚ ਲਿਆ ਦਿੱਤਾ ਸੀ ਕਿ ਮੈਂ 15 ਸਤੰਬਰ ਨੂੰ ਪਿੰਡ ਦੀ ਸਮਸ਼ਾਨਘਾਟ ਅੱਗੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਾਂਗਾ। ਬੀਤੇ ਕੱਲ੍ਹ ਜੇ. ਈ. ਚੰਚਲ ਸਿੰਘ, ਪੰਚਾਇਤ ਸੱਕਤਰ ਸਤਨਾਮ ਸਿੰਘ ਅਤੇ ਸਰਪੰਚ ਅਮਰਜੀਤ ਕੌਰ ਵੱਲੋ ਵਿਸ਼ਵਾਸ ਦਿਵਾਇਆ ਗਿਆ ਸੀ ਕਿ 15 ਸਤੰਬਰ ਨੂੰ ਵਾਰਡ ਵਿੱਚ ਵਿਕਾਸ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਪਰੰਤੂ ਸਵੇਰੇ 10 ਵਜੇ ਤੱਕ ਵੀ ਕੋਈ ਮਿਸਤਰੀ, ਮਜ਼ਦੂਰ ਜਾਂ ਇੱਟਾਂ, ਬਰੇਤੀ, ਸੀਮੇਂਟ ਆਦਿ ਸਮਾਨ ਨਹੀਂ ਪਹੁੰਚਿਆ। ਜਿਸ ਕਾਰਨ ਮਜਬੂਰਨ ਮੈਂ 10 ਵਜੇ ਤੋਂ ਭੁੱਖ ਹੜਤਾਲ ਤੇ ਬੈਠ ਗਿਆ ਹਾਂ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵਾਰਡ ਵਿੱਚ ਕੰਮ ਸ਼ੁਰੂ ਨਹੀਂ ਕਰਵਾਇਆ ਜਾਂਦਾ, ਮੇਰਾ ਸੰਘਰਸ਼ ਜ਼ਾਰੀ ਰਹੇਗਾ।
ਸਰਪੰਚ ਦੇ ਪਤੀ ਦਾ ਬਿਆਨ ਆਇਆ ਸਾਹਮਣੇ: ਇਸ ਸਬੰਧੀ ਸਰਪੰਚ ਦੇ ਪਤੀ ਬਲੌਰ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਪਹਿਲਾਂ ਪੰਚਾਇਤਾਂ ਭੰਗ ਕਰਨ ਕਰਕੇ ਵਿਕਾਸ ਕਾਰਜ ਬੰਦ ਸਨ, ਪਰ ਹੁਣ ਉਕਤ ਪੰਚ ਦੇ ਵਾਰਡ ਵਿੱਚ ਦੋ ਦਿਨ ਪਹਿਲਾਂ ਤੋਂ ਵਿਕਾਸ ਕੰਮ ਸ਼ੁਰੂ ਕਰਵਾ ਦਿੱਤੇ ਹਨ।