ਬਰਨਾਲਾ: ਖੇਤੀ ਕਾਨੂੰਨਾਂ ਦੇ ਚੱਲ ਰਹੇ ਸੰਘਰਸ਼ ਤਹਿਤ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਲਗਾਤਾਰ ਵੱਖ-ਵੱਖ ਸੰਮਨ ਭੇਜੇ ਜਾ ਰਹੇ ਹਨ। ਜਿਸ ਤਹਿਤ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਦੋ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵੀ ਸੰਮਨ ਭੇਜੇ ਗਏ ਹਨ। ਜਿਸ ਤਹਿਤ ਦੋਵਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਦਿੱਲੀ ਦਫ਼ਤਰ ਬੁਲਾਇਆ ਗਿਆ ਹੈ।
ਦਿੱਲੀ ਵਿਖੇ ਐਨਆਈਏ ਦੇ ਦਫ਼ਤਰ ਪੁੱਛਗਿੱਛ ਲਈ ਸੱਦਿਆ
ਬਰਨਾਲਾ ਦੇ ਪਿੰਡ ਮੌੜ ਨਾਭਾ ਦੇ ਰਹਿਣ ਵਾਲੇ ਜਗਸੀਰ ਸਿੰਘ ਮੌੜ ਅਤੇ ਠੀਕਰੀਵਾਲਾ ਦੇ ਸੁਰਿੰਦਰ ਸਿੰਘ ਠੀਕਰੀਵਾਲਾ ਨੂੰ ਐਨਆਈਏ ਵੱਲੋਂ ਸੰਮਨ ਭੇਜਿਆ ਗਿਆ ਹੈ। ਜਗਸੀਰ ਸਿੰਘ ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਮੁਖੀ ਹਨ। ਜਦੋਂਕਿ ਸੁਰਿੰਦਰ ਸਿੰਘ ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਮੁਖੀ ਹਨ। ਜੋ ਲਗਾਤਾਰ ਕਿਸਾਨੀ ਸੰਘਰਸ਼ ’ਚ ਸ਼ਾਮਲ ਹੋ ਰਹੇ ਹਨ। ਹੈ। ਦੋਵਾਂ ਨੂੰ ਐਨਆਈਏ ਵੱਲੋਂ ਫ਼ੋਨ ਕਰਨ ਤੋਂ ਬਾਅਦ ਵਟਸਐਪ ਰਾਹੀਂ ਸੰਮਨ ਭੇਜਿਆ ਗਿਆ ਹੈ। ਜਿਸ ਵਿੱਚ ਦੇਸ਼ਧ੍ਰੋਹ ਦੀਆਂ ਗਤੀਵਿਧੀਆਂ ਚਲਾਉਣ ਦਾ ਸ਼ੱਕ ਜ਼ਾਹਰ ਕੀਤਾ ਗਿਆ ਹੈ। ਜਗਸੀਰ ਸਿੰਘ ਨੂੰ 17 ਜਨਵਰੀ ਅਤੇ ਸੁਰਿੰਦਰ ਸਿੰਘ 18 ਜਨਵਰੀ ਨੂੰ ਦਿੱਲੀ ਐਨਆਈਏ ਦੇ ਦਫ਼ਤਰ ਪੁੱਛਗਿੱਛ ਲਈ ਸੱਦਿਆ ਗਿਆ ਹੈ।
ਕੇਂਦਰ ਸਰਕਾਰ ਏਜੰਸੀਆਂ ਰਾਹੀਂ ਕਰ ਰਹੀ ਤੰਗ
ਜਗਸੀਰ ਸਿੰਘ ਮੌੜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਦਿਨੀਂ ਦਿੱਲੀ ਮੋਰਚੇ ਦੀ ਮੱਦਦ ਲਈ ਗਰਮ ਕੱਪੜੇ, ਗੀਜ਼ਰ ਅਤੇ ਹੋਰ ਲੋੜੀਂਦਾ ਸਮਾਨ ਭੇਜਿਆ ਗਿਆ ਸੀ। ਉਹ ਲਗਾਤਾਰ ਆਪਣੇ ਸਾਧਨਾਂ ਰਾਹੀਂ ਸੰਘਰਸ਼ੀ ਕਿਸਾਨਾਂ ਦਾ ਸਾਥ ਦੇ ਰਹੇ ਹਨ। ਜਿਸ ਬਦਲੇ ਕੇਂਦਰ ਸਰਕਾਰ ਏਜੰਸੀਆਂ ਰਾਹੀਂ ਉਨ੍ਹਾਂ ਨੂੰ ਤੰਗ ਕਰਨ ਲੱਗੀ ਹੈ। ਪਰ ਉਹ ਡਰਨ ਵਾਲੇ ਨਹੀਂ ਹਨ ਅਤੇ 17 ਜਨਵਰੀ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਜਾ ਰਹੇ ਹਨ। ਇਸੇ ਤਰਾਂ ਸੁਰਿੰਦਰ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਉਹ ਪਹਿਲੇ ਦਿਨ ਤੋਂ ਦਿੱਲੀ ਮੋਰਚੇ ਵਿੱਚ ਡਟੇ ਹੋਏ ਹਨ। 18 ਜਨਵਰੀ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਉਹ ਜਾਣਗੇ। ਉਨ੍ਹਾਂ ਸਿੱਖ ਕੌਮ ਦੀਆਂ ਨੁਮਾਇੰਦਾ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਨ੍ਹਾਂ ਕੇਸਾਂ ਦੀ ਪੈਰਵਾਈ ਲਈ ਸਿੱਖਾਂ ਦੀ ਮੱਦਦ ਲਈ ਅੱਗੇ ਆਉਣ ਲਈ ਕਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੂੰ ਵੀ ਵਕੀਲਾਂ ਦੀ ਇੱਕ ਟੀਮ ਬਣਾ ਕੇ ਇਨ੍ਹਾਂ ਕੇਸਾਂ ਦੀ ਪੈਰਵਾਈ ਕਰਨ ਲਈ ਕਿਹਾ।