ਬਰਨਾਲਾ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਆਰਡੀਨੈਂਸਾਂ ਦਾ ਲਗਾਤਾਰ ਪੰਜਾਬ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ। ਜਿੱਥੇ ਕਿਸਾਨ ਜਥੇਬੰਦੀਆਂ ਬਿਨ੍ਹਾਂ ਕਿਸੇ ਸਵਾਰਥ ਤੋਂ ਇਨ੍ਹਾਂ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੀਆਂ ਹਨ ਉਥੇ ਹੀ ਵੱਖ-ਵੱਖ ਰਾਜਸੀ ਪਾਰਟੀਆਂ ਵੱਲੋਂ ਵੀ ਇਸ ਮਾਮਲੇ 'ਤੇ ਆਪਣੀ ਰਾਜਨੀਤੀ ਚਮਕਾਈ ਜਾ ਰਹੀ ਹੈ। ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਇਹ ਪਾਰਟੀਆਂ ਕਿਸਾਨਾਂ ਦੇ ਹੱਕਾਂ ਦੀ ਗੱਲ ਘੱਟ ਅਤੇ ਆਪਣੀ ਰਾਜਨੀਤੀ ਵੱਧ ਚਮਕਾ ਰਹੀਆਂ ਹਨ।
ਕਿਸਾਨ ਆਗੂ ਮਨਜੀਤ ਧਨੇਰ ਨੇ ਅਕਾਲੀ ਦਲ ਅਤੇ ਕਾਂਗਰਸੀਆਂ ਨੂੰ ਦੱਸਿਆ ਡਰਾਮੇਬਾਜ਼ ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਇਨ੍ਹਾਂ ਖੇਤੀ ਬਿੱਲਾਂ ਨੂੰ ਲਿਆਉਣ ਲਈ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਪਾਰਟੀਆਂ ਬਰਾਬਰ ਦੀਆਂ ਜ਼ਿੰਮੇਵਾਰ ਹਨ। 1991 ਤੋਂ ਲੈ ਕੇ ਹੁਣ ਤੱਕ ਜੋ ਵੀ ਖੇਤੀ ਸਬੰਧੀ ਤਜਵੀਜ਼ਾਂ ਆਈਆਂ ਹਨ ਉਹ ਕਿਸਾਨ ਵਿਰੋਧੀ ਹਨ ਅਤੇ ਇਨ੍ਹਾਂ ਰਵਾਇਤੀ ਪਾਰਟੀਆਂ ਨੇ ਇਸ ਦਾ ਸਮਰਥਨ ਹੀ ਕੀਤਾ ਹੈ।
ਮਨਜੀਤ ਧਨੇਰ ਨੇ ਇਨਕਲਾਬੀ ਲੇਖਕ ਸੰਤ ਰਾਮ ਉਦਾਸੀ ਦੀ ਰਚਨਾ "ਸਾਡੇ ਦੇਸ਼ ਦੀ ਪੂੰਜੀ ਨੂੰ ਨਾਗ ਬਣ ਕੇ ਆਪੇ ਹੀ ਸਾਂਭ ਜਾਂਦੇ ਆਪੇ ਹੀ ਖੱਟ ਜਾਂਦੇ, ਵਾਅਦੇ ਕਰਦੇ ਨੇ ਕੱਚੇ ਮਸ਼ੂਕ ਵਾਂਗੂੰ ਆਪੇ ਥੁੱਕ ਕੇ ਤੇ ਆਪੇ ਹੀ ਚੁੱਟ ਲੈਂਦੇ" ਦੀ ਉਦਾਹਰਨ ਦਿੰਦਿਆਂ ਕਿਹਾ ਕਿ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇਣ ਵਾਲੀ ਹਰਸਿਮਰਤ ਕੌਰ ਬਾਦਲ ਨਾਲ ਵੀ ਇਹੀ ਹੋਇਆ ਹੈ।
ਕਾਂਗਰਸੀਆਂ ਵੱਲੋਂ ਟਰੈਕਟਰ ਮਾਰਚ ਕਰਕੇ ਦਿੱਲੀ ਪ੍ਰਦਰਸ਼ਨ ਸਬੰਧੀ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਦਿੱਲੀ ਨੂੰ ਵੀ ਘੇਰਾਂਗੇ। ਪਰ ਉਸ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਕੋਲ ਜਾਵਾਂਗੇ ਅਤੇ ਉਨ੍ਹਾਂ ਨੂੰ ਨਾਲ ਲਵਾਂਗੇ। ਕਾਂਗਰਸੀਆਂ ਵੱਲੋਂ ਕੀਤੀ ਡਰਾਮੇਬਾਜ਼ੀ ਨਾਲ ਦਿੱਲੀ ਨਹੀਂ ਝੁਕਣੀ, ਬਲਕਿ ਜਦੋਂ ਕਿਸਾਨ ਆਪਣੇ ਹੱਕਾਂ ਲਈ ਗਰਜੇ ਤਾਂ ਦਿੱਲੀ ਦਾ ਤਖ਼ਤ ਆਪੇ ਕਿਸਾਨਾਂ ਅੱਗੇ ਝੁਕੇਗਾ ਅਤੇ ਬਿੱਲ ਵੀ ਰੱਦ ਹੋਣਗੇ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਹੱਕਾਂ ਵਿੱਚ ਸੰਘਰਸ਼ ਦੀ ਗੱਲ 'ਤੇ ਤੰਜ ਕਸਦਿਆਂ ਮਨਜੀਤ ਧਨੇਰ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਕਿਸਾਨੀ ਹਿੱਤਾਂ 'ਤੇ ਡਰਾਮੇਬਾਜ਼ੀ ਕਰਦਾ ਰਿਹਾ ਹੈ, ਜਿਸ ਦੀ ਗਿਣਤੀ ਕਰਨੀ ਵੀ ਬਹੁਤ ਔਖੀ ਹੈ। ਹੁਣ ਇਹ ਡਰਾਮੇਬਾਜ਼ੀਆਂ ਚੱਲਨ ਵਾਲੀਆਂ ਨਹੀਂ ਹਨ।