ਬਰਨਾਲਾ : 32 ਜਥੇਬੰਦੀਆਂ 'ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ MSP ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਧਰਨਾ ਲਾਇਆ। ਧਰਨਾ 313 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। 79 ਸਾਲ ਪਹਿਲਾਂ ਅੰਗਰੇਜ਼ਾਂ ਦੀ ਗੁਲਾਮੀ ਤੇ ਲੁੱਟ ਤੋਂ ਖਹਿੜਾ ਛੁਡਾਉਣ ਲਈ ਭਾਰਤ ਵਾਸੀਆਂ ਨੇ 'ਅੰਗਰੇਜ਼ੋ ਭਾਰਤ ਛੱਡੋ' ਦਾ ਨਾਹਰਾ ਲਾਇਆ ਸੀ।
ਸਮੇਂ ਦੀ ਨਜਾਕਤ ਦੇਖੋ ਇੰਨਾ ਅਰਸਾ ਬੀਤਣ ਤੋਂ ਬਾਅਦ ਦੇਸ਼ਵਾਸੀਆਂ ਨੂੰ ਫਿਰ ਉਸੇ ਪ੍ਰਕਾਰ ਦੇ ਨਾਹਰੇ ਲਾਉਣੇ ਪੈ ਰਹੇ ਹਨ। ਇਸ ਵਾਰ ਲੜਾਈ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਖਿਲਾਫ਼ ਹੈ। ਜਿਨ੍ਹਾਂ ਨੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਅਤੇ ਖੇਤੀ ਕਾਰੋਬਾਰ 'ਤੇ ਬੁਰੀ ਅੱਖ ਰੱਖੀ ਹੋਈ ਹੈ। ਇਨ੍ਹਾਂ ਕਾਰਪੋਰੇਟਾਂ ਦੇ ਹਿੱਤਾਂ ਪਾਲਣ ਲਈ ਸਰਕਾਰ 3 ਖੇਤੀ ਕਾਨੂੰਨ ਲੈ ਕੇ ਆਈ ਹੈ ਤਾਂ ਜੁ ਸਰਕਾਰੀ ਖੇਤੀ ਮੰਡੀਆਂ ਖਤਮ ਕੀਤੀਆਂ ਜਾ ਸਕਣ, ਕਾਰਪੋਰੇਟਾਂ ਨੂੰ ਹਜ਼ਾਰਾਂ ਏਕੜਾਂ ਦੇ ਫਾਰਮ ਬਣਾ ਕੇ ਦਿੱਤੇ ਜਾ ਸਕਣ ਅਤੇ ਕਿਸਾਨਾਂ ਨੂੰ ਦਿਹਾੜੀ ਮਜ਼ਦੂਰ ਬਣਾਇਆ ਜਾ ਸਕੇ ਅਤੇ ਜਰੂਰੀ ਖੁਰਾਕੀ ਵਸਤਾਂ ਦਾ ਵਪਾਰ ਕਾਰਪੋਰੇਟਾਂ ਦੇ ਹਵਾਲੇ ਕਰਕੇ ਖਪਤਕਾਰਾਂ ਦੀ ਛਿੱਲ ਲਾਹੀ ਜਾ ਸਕੇ।