ਬਰਨਾਲਾ:ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਟ੍ਰੈਫਿਕ ਤੇ ਸੁਰੱਖਿਆ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਵਿਰੁੱਧ ਸਖ਼ਤੀ ਕਰ ਦਿੱਤੀ ਹੈ। ਇਨ੍ਹਾਂ ਉਪਰ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਰੀਜਨਲ ਟਰਾਂਸਪੋਰਟ ਅਥਾਰਟੀ ਦੇ ਸਕੱਤਰ ਵਿਨੀਤ ਕੁਮਾਰ ਵਲੋਂ ਬਰਨਾਲਾ ਵਿਖੇ ਸਕੂਲ ਬੱਸਾਂ, ਟੂਰਿਸਟ ਬੱਸਾਂ ਤੇ ਕਮਰਸ਼ੀਅਲ ਵਾਹਨਾਂ ਦੀ ਚੈਕਿੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਵਿਨੀਤ ਕੁਮਾਰ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ 30 ਵਾਹਨਾਂ ਦੇ ਚਲਾਨ ਕੱਟੇ ਗਏ ਅਤੇ 5 ਗੱਡੀਆਂ ਮੌਕੇ 'ਤੇ ਜ਼ਬਤ ਕੀਤੀਆਂ ਗਈਆਂ।
ਬਰਨਾਲਾ 'ਚ ਰੀਜਨਲ ਟਰਾਂਸਪੋਰਟ ਅਥਾਰਟੀ ਨੇ ਸਕੂਲ ਬੱਸਾਂ ਤੇ ਕਮਰਸ਼ੀਅਲ ਗੱਡੀਆਂ ਦੀ ਕੀਤੀ ਜਾਂਚ, 30 ਗੱਡੀਆਂ ਦਾ ਕੀਤਾ ਚਲਾਨ - ਗੱਡੀਆਂ ਦੀ ਜਾਂਚ
ਬਰਨਾਲਾ ਵਿੱਚ ਰੀਜਨਲ ਟਰਾਂਸਪੋਰਟ ਅਥਾਰਟੀ ਨੇ ਸਕੂਲ ਬੱਸਾਂ ਅਤੇ ਕਮਰਸ਼ੀਅਲ ਵਾਹਨਾਂ ਦੀ ਚੈਕਿੰਗ ਕੀਤੀ ਹੈ। ਜਾਣਕਾਰੀ ਮੁਤਾਬਿਕ 30 ਗੱਡੀਆਂ ਦਾ ਚਲਾਨ ਤੇ ਕਈ ਜਬਤ ਕੀਤੀਆਂ ਹਨ।
ਸਕੂਲ ਬੱਸ ਲਿਖਿਆ ਹੋਣਾ ਲਾਜ਼ਮੀ :ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਸਬੰਧੀ ਸੇਫ ਸਕੂਲ ਵਾਹਨ ਸਕੀਮ ਤਹਿਤ ਇਹ ਲਾਜ਼ਮੀ ਹੈ। ਇਸ ਨਿਯਮ ਤਹਿਤ ਸਬੰਧਤ ਸਕੂਲ ਦਾ ਪ੍ਰਿੰਸੀਪਲ/ਹੈਡ ਮਾਸਟਰ ਬੱਚਿਆਂ ਨੂੰ ਲਿਆਉਣ ਅਤੇ ਲਿਜਾਉਣ ਲਈ ਜ਼ਿੰਮੇਵਾਰ ਹੋਵੇਗਾ। ਇਸ ਦੇ ਨਾਲ ਹੀ ਇਹ ਜ਼ਰੂਰੀ ਹੈ ਕਿ ਬੱਚਿਆਂ ਨੂੰ ਲੈ ਕੇ ਜਾਣ ਵਾਲੀਆਂ ਬੱਸਾਂ ਉੱਤੇ ਸਕੂਲ ਬੱਸ ਸ਼ਬਦ ਵਾਹਨ ਦੇ ਅੱਗੇ ਅਤੇ ਪਿਛੇ ਲਿਖਿਆ ਹੋਣਾ ਲਾਜ਼ਮੀ ਹੈ। ਜਿਹੜੀਆਂ ਬੱਸਾਂ ਸਕੂਲ ਵਲੋਂ ਕਿਰਾਏ ਉੱਤੇ ਲਈਆਂ ਗਈਆਂ ਹਨ ਉਨ੍ਹਾਂ ਉੱਤੇ ਆਨ ਸਕੂਲ ਡਿਊਟੀ ਸ਼ਬਦ ਲਿਖਣਾ ਲਾਜ਼ਮੀ ਹੈ।
ਇਸੇ ਤਰ੍ਹਾਂ ਸਕੂਲੀ ਬੱਸਾਂ ਵਿਚ ਫਸਟ ਏਡ ਬਾਕਸ, ਅੱਗ ਬੁਝਾਉਣ ਵਾਲਾ ਯੰਤਰ, ਸਕੂਲ ਦਾ ਨਾਂ ਅਤੇ ਫੋਨ ਨੰਬਰ, ਡਰਾਈਵਰ ਕੋਲ ਹੈਵੀ ਵਾਹਨ ਚਲਾਉਣ ਦਾ ਘੱਟੋ ਘੱਟ 5 ਸਾਲ ਦਾ ਤਜਰਬਾ, ਡਰਾਈਵਰ ਦੀ ਵਰਦੀ, ਕਿਸੇ ਵੀ ਵਾਹਨ 'ਚ ਨਿਯਮਾਂ ਅਨੁਸਾਰ ਹੀ ਬੱਚਿਆਂ ਦੀ ਗਿਣਤੀ ਰੱਖੀ ਜਾਵੇ ਆਦਿ ਨਿਰਦੇਸ਼ਾਂ ਦਾ ਪਾਲਣ ਜ਼ਰੂਰੀ ਹੈ। ਉਨ੍ਹਾਂ ਕਮਰਸ਼ੀਅਲ ਵਾਹਨ ਚਾਲਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਗੱਡੀ ਸਬੰਧੀ ਦਸਤਾਵੇਜ਼ ਨਾਲ ਲੈ ਕੇ ਚੱਲਣ ਜਿਸ ਵਿੱਚ ਲਾਇਸੈਂਸ, ਗੱਡੀ ਦੀ ਰਜਿਸਟ੍ਰੇਸ਼ਨ ਕਾਪੀ, ਗੱਡੀ ਦਾ ਬੀਮਾ ਆਦਿ ਸ਼ਾਮਲ ਹਨ। ਸਕੱਤਰ ਵਿਨੀਤ ਕੁਮਾਰ ਨੇ ਕਿਹਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਆਉਣ ਵਾਲੇ ਦਿਨਾਂ 'ਚ ਵੀ ਇਹ ਚੈਕਿੰਗ ਜਾਰੀ ਰਹੇਗੀ। ਉਹਨਾਂ ਕਿਹਾ ਕਿ ਜੋ ਵੀ ਸਕੂਲ ਪ੍ਰਬੰਧਕ ਜਾਂ ਕਮਰਸ਼ੀਅਲ ਵ੍ਹੀਕਲ ਮਾਲਕ ਨਿਯਮਾਂ ਦਾ ਉਲੰਘਣ ਕਰੇਗਾ, ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।