ਬਰਨਾਲਾ:ਜਰਮਨੀ ਦੇਸ਼ ਦੇ ਸ਼ਹਿਰ ਜੂਲਿਚ ਵਿੱਚ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਇੱਕ ਅੰਤਰਰਾਸ਼ਟਰੀ ਸਾਇੰਸ ਕਾਨਫ਼ਰੰਸ ਹੋਣ ਜਾ ਰਹੀ ਹੈ ਜਿਸ ਵਿੱਚ ਬਰਨਾਲਾ ਦੇ ਇੱਕ ਮਜ਼ਦੂਰ ਘਰ ਦੇ ਲੜਕੇ ਦੀ ਚੋਣ ਹੋਈ ਹੈ। ਪਲੰਬਰ ਦਾ ਕੰਮ ਕਰਦੇ ਕ੍ਰਿਸ਼ਨ ਕੁਮਾਰ ਦੇ ਪੁੱਤਰ ਨਿਖਿਲ ਦੀ ਇਸ ਅੰਤਰਰਾਸ਼ਟਰੀ ਪੱਧਰ ਦੀ ਸਾਇੰਸ ਕਾਨਫ਼ਰੰਸ 'ਚ ਚੋਣ ਹੋਈ ਹੈ। ਪੂਰੇ ਭਾਰਤ ਵਿੱਚੋਂ ਇਸ ਕਾਨਫ਼ਰੰਸ ਵਿੱਚ ਸਿਰਫ਼ ਦੋ ਵਿਅਕਤੀ ਜਾ ਰਹੇ (Selection for join international conference) ਹਨ, ਜਿਨ੍ਹਾਂ ਵਿੱਚੋਂ ਨਿਖਿਲ ਇੱਕ ਹੈ।
ਨਿਖਿਲ ਦੀ ਇਸ ਪ੍ਰਾਪਤੀ 'ਤੇ ਉਸ ਦੇ ਪਰਿਵਾਰ ਅਤੇ ਉਸ ਦੇ ਕਾਲਜ ਸਟਾਫ਼ ਵਿੱਚ ਖੁਸ਼ੀ ਦਾ ਮਾਹੌਲ ਹੈ। ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲਾ ਨਿਖਿਲ ਆਰਥਿਕ ਪੱਖ ਤੋਂ ਇੰਨਾ ਕਮਜ਼ੋਰ ਹੈ ਕਿ ਉਹ ਜਰਮਨੀ ਜਾਣ ਲਈ ਜਹਾਜ਼ ਦੀ ਟਿਕਟ ਦਾ ਖ਼ਰਚਾ ਵੀ ਨਹੀਂ ਚੁੱਕ ਸਕਦਾ, ਜਿਸ ਕਰਕੇ ਉਸ ਦਾ ਇਹ ਖ਼ਰਚਾ ਉਸਦੇ ਐਸਡੀ ਕਾਲਜ ਬਰਨਾਲਾ ਦੀ ਮੈਨੇਜਮੈਂਟ ਵਲੋਂ ਕੀਤਾ ਜਾ ਰਿਹਾ ਹੈ। ਨਿਖਿਲ ਦੇ ਪਰਿਵਾਰ ਦੇ ਹਾਲਾਤ ਇਹ ਹਨ ਕਿ ਉਸਦੇ ਮਾਤਾ ਪਿਤਾ ਉਸ ਨੂੰ ਬਾਰਵੀਂ ਕਲਾਸ ਤੋਂ ਬਾਅਦ ਪੜ੍ਹਾਉਣ ਤੋਂ ਵੀ ਅਸਮਰੱਥ ਸਨ, ਪਰ ਉਹ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਆਪਣੀ ਪੜ੍ਹਾਈ ਦਾ ਖ਼ਰਚ ਚੁੱਕ ਰਿਹਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਨਿਖਿਲ ਨੇ ਦੱਸਿਆ ਕਿ ਉਸਨੇ ਐਸਡੀ ਕਾਲਜ ਬਰਨਾਲਾ ਤੋਂ ਬੀਐਸਸੀ ਨਾਨ ਮੈਡੀਕਲ ਕੀਤੀ ਹੈ। ਜਰਮਨੀ ਦੇ ਜੂਲਿਚ ਰਿਸਰਚ ਸੈਂਟਰ ਵਿੱਚ ਅੰਤਰਾਰਸ਼ਟਰੀ ਪੱਧਰ ਦੀ ਸਾਇੰਸ ਕਾਨਫ਼ਰੰਸ ਹੋਣ ਜਾ ਰਹੀ ਹੈ। ਜਿਸ ਵਿੱਚ ਮੇਰੀ ਚੋਣ ਹੋਈ ਹੈ। ਉਹਨਾਂ ਦੱਸਿਆ ਕਿ ਇਸ ਰਿਸਰਚ ਸੈਂਟਰ ਦੇ ਵਿਗਿਆਨੀ ਨੂੰ ਪਿਛਲੇ ਸਾਲਾਂ ਦੌਰਾਨ ਨੋਬਲ ਪੁਰਸਕਾਰ ਵੀ ਮਿਲ (Student From Barnala attend conference Germany) ਚੁੱਕਿਆ ਹੈ। ਇਸ ਰਿਸਰਚ ਸੈਂਟਰ ਵਿੱਚ ਹਰ ਸਾਲ ਇਹ ਸਾਇੰਸ ਕਾਨਫ਼ਰੰਸ ਹੁੰਦੀ ਹੈ, ਜਿਸ ਵਿੱਚ ਦੁਨੀਆਂ ਭਰ ਤੋਂ ਸਾਇੰਸ ਦੇ ਪ੍ਰੋਫ਼ੈਸਰ ਅਤੇ ਵਿਗਿਆਨੀ ਸ਼ਾਮਲ ਹੁੰਦੇ ਹਨ।
ਇਸ ਕਾਨਫ਼ਰੰਸ ਵਿੱਚ ਭਾਰਤ ਵਿੱਚੋਂ ਸਿਰਫ਼ ਦੋ ਜਣੇ ਜਾ ਰਹੇ ਹਨ ਅਤੇ ਉਹ ਦੋਵਾਂ ਵਿੱਚੋਂ ਇੱਕ ਹੈ। ਉਹਨਾਂ ਦੱਸਿਆ ਕਿ ਇਹ ਕਾਨਫ਼ਰਸ ਫਿਜੀਕਸ ਨਾਲ ਸਬੰਧ ਹੈ, ਜਿਸ ਵਿੱਚ ਮੇਰੇ ਵਲੋਂ ਇੱਕ ਆਪਣਾ ਰਿਸਰਚ ਪੇਪਰ ਪੜਿਆ ਜਾਵੇਗਾ। ਇਸਤੋਂ ਪਹਿਲਾਂ ਵੀ ਕਈ ਰਾਸ਼ਟਰੀ ਅਤੇ ਸਟੇਟ ਲੈਵਲ ਦੀਆਂ ਸਾਇੰਸ ਕਾਨਫ਼ਰੰਸਾਂ ਵਿੱਚ ਭਾਗ ਲਿਆ ਹੈ, ਪਰ ਅੰਤਰਰਾਸ਼ਟਰੀ ਪੱਧਰ ਦੀ ਇਹ ਪਹਿਲੀ ਕਾਨਫ਼ਰੰਸ ਹੈ। ਉਸਦੀ ਇਸ ਪ੍ਰਾਪਤੀ ਪਿੱਛੇ ਉਸਦੇ ਸਾਇੰਸ ਪ੍ਰੋਫ਼ੈਸਰ ਸੰਜੇ ਸਿੰਘ ਦਾ ਯੋਗਦਾਨ ਰਿਹਾ ਹੈ। ਨਿਖਿਲ ਨੇ ਦੱਸਿਆ ਕਿ ਉਸਦੀ ਇਸ ਕਾਨਫ਼ਰੰਸ ਵਿੱਚ ਚੋਣ ਤੋਂ ਬਾਅਦ ਰਹਿਣ ਵਗੈਰਾ ਦਾ ਖ਼ਰਚਾ ਰਿਸਰਚ ਸੈਂਟਰ ਵਲੋਂ ਹੀ ਚੁੱਕਿਆ ਜਾਣਾ ਹੈ। ਪਰ ਵੱਡੀ ਸਮੱਸਿਆ ਜ਼ਹਾਜ ਦੇ ਖ਼ਰਚ ਦੀ ਸੀ। ਕਿਉਂਕਿ ਉਸਦਾ ਆਰਥਿਕ ਪੱਖ ਤੋਂ ਉਹ ਕਾਫ਼ੀ ਕਮਜ਼ੋਰ ਹੈ। ਇਸ ਲਈ ਉਸ ਨੂੰ ਐਸਡੀ ਕਾਲਜ ਦੀ ਮੈਨੇਜਮੈਂਟ ਅਤੇ ਸਟਾਫ਼ ਵਲੋਂ ਮੇਰੀ ਫ਼ਲਾਈਟ ਦਾ ਖ਼ਰਚਾ ਚੁੱਕਿਆ ਹੈ।