ਬਰਨਾਲਾ:ਭਾਰਤ ਸਰਕਾਰ ਵਲੋਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਜੈਪੁਰ ਤੋਂ ਕੱਟੜਾ ਤੱਕ ਕੌਮੀ ਗ੍ਰਰੀਨ ਫ਼ੀਲਡ ਹਾਈਵੇ ਕੱਢਿਆ ਜਾ ਰਿਹਾ ਹੈ। ਇਸ ਹਾਈਵੇ ਅਧੀਨ ਬਰਨਾਲਾ ਜ਼ਿਲ੍ਹੇ ਦੇ 12 ਪਿੰਡ ਵੀ ਆ ਰਹੇ ਹਨ ਪਰ ਇਹਨਾਂ 12 ਪਿੰਡਾਂ ਦੇ ਕਿਸਾਨਾਂ ਵਲੋਂ ਇਸ ਹਾਈਵੇ ਲਈ ਆਪਣੀਆਂ ਜ਼ਮੀਨਾਂ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਕਿਸਾਨਾਂ ਵਲੋਂ ਇਸਦੇ ਵਿਰੁੱਧ ਸੰਘਰਸ਼ ਤਹਿਤ ਡੀਸੀ ਦਫ਼ਤਰ ਬਰਨਾਲਾ ਦਾ ਘਿਰਾਉ ਕੀਤਾ ਹੋਇਆ ਸੀ। ਪਰ ਦੁਪਹਿਰ ਤੱਕ ਕਿਸਾਨਾਂ ਦੀ ਜ਼ਿਲ੍ਹੇ ਦੇ ਪ੍ਰਸ਼ਾਸ਼ਨ ਵਲੋਂ ਕੋਈ ਸੁਣਵਾਈ ਨਾ ਹੋਣ ‘ਤੇ ਕਿਸਾਨਾਂ ਨੇ ਜਿੱਥੇ ਡੀਸੀ ਕੰਪਲੈਕਸ ਦੇ ਸਾਰੇ ਮੁੱਖ ਗੇਟ ਆਪਣੇ ਟਰੈਕਟਰ ਲਗਾ ਕੇ ਬੰਦ ਕਰ ਦਿੱਤੇ, ਉਥੇ ਡੀਸੀ ਦਫ਼ਤਰ ਦੇ ਸਾਹਮਣੇ ਵਾਲੀ ਸੜਕ ‘ਤੇ ਧਰਨਾ ਲਾ ਕੇ ਜਾਮ ਲਗਾ ਦਿੱਤਾ।
ਇਸ ਮੌਕੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਸਰਕਾਰ ਵਲੋਂ ਕੱਢੇ ਜਾ ਰਹੇ ਹਾਈਵੇ ਨਾਲ ਉਨ੍ਹਾਂ ਦੀਆਂ ਉਪਜਾਊ ਜ਼ਮੀਨਾਂ ਨੂੰ ਐਕਵਾਇਰ ਕਰ ਲਿਆ ਜਾਵੇਗਾ। ਜਿਸਦਾ ਉਹ ਵਿਰੋਧ ਕਰ ਰਹੇ ਹਨ। ਪ੍ਰਦਰਸ਼ਨਕਾਰੀ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਪ੍ਰਸ਼ਾ਼ਸਨ ਨੂੰ ਮੰਗ ਪੱਤਰ ਵੀ ਦਿੱਤੇ, ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ।