ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਰੇਲ ਰੋਕੋ ਅੰਦੋਲਨ ਅਧੀਨ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ 'ਤੇ ਵੱਡੀ ਗਿਣਤੀ 'ਚ ਕਿਸਾਨ, ਬੀਬੀਆਂ, ਬੱਚਿਆਂ ਅਤੇ ਨੌਜਵਾਨ ਵੀ ਸ਼ਾਮਲ ਹੋਏ।
ਗੱਲਬਾਤ ਕਰਦਿਆਂ ਬੀਕੇਯੂ ਡਕੌਂਦਾ ਦੇ ਕਿਸਾਨ ਆਗੂ ਹਰਮੰਡਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਹ ਖੇਤੀ ਨੂੰ ਬਚਾਉਣ ਲਈ ਇਨ੍ਹਾਂ ਕਾਨੂੰਨਾਂ ਵਿਰੁੱਧ ਲੋਕਾਂ ਨੂੰ ਸਮਝਾਉਣ 'ਚ ਸਫ਼ਲ ਹੋਏ ਹਨ। ਉਨਾਂ ਕਿਹਾ ਕਿ ਉਨ੍ਹਾਂ ਦੇ ਅੰਦੋਲਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਅਤੇ ਨੌਜਵਾਨ ਅਤੇ ਔਰਤਾਂ ਵੱਡੀ ਗਿਣਤੀ 'ਚ ਧਰਨੇ 'ਚ ਸ਼ਮੂਲੀਅਤ ਕਰ ਰਹੀਆਂ ਹਨ।
ਬਰਨਾਲਾ ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਇਸ ਦੇ ਨਾਲ ਹੀ ਬੂਕੇਯੂ ਲੱਖੋਵਾਲ ਦੇ ਕਿਸਾਨ ਆਗੂ ਸਿੰਕਦਰ ਸਿੰਘ ਮਾਨ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤਕ ਇਹ ਧਰਨਾ ਅਤੇ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਲੰਗਰ ਪਿੰਡਾਂ 'ਚੋਂ ਆਉਂਦਾ ਹੈ ਜਿਸ ਕਾਰਨ ਉਹ ਆਪਣਾ ਪ੍ਰਦਰਸ਼ਨ ਲਗਾਤਾਰ ਕਰਨ ਦੇ ਸਮਰੱਥ ਹੋ ਸਕੇ ਹਨ।
ਧਰਨੇ 'ਚ ਸ਼ਾਮਲ ਕਿਸਾਨਾਂ ਦਾ ਕਹਿਣਾ ਹੈ ਕਿ ਕੁੱਝ ਕੁ ਕਿਸਾਨਾਂ ਵੱਲੋਂ ਖੇਤਾਂ 'ਚ ਰਹਿ ਮੰਡੀਆਂ ਦਾ ਕੰਮ ਵੀ ਕੀਤਾ ਜਾਵੇਗਾ ਅਤੇ ਲਗਾਤਾਰ ਪ੍ਰਦਰਸ਼ਨ 'ਚ ਹਿੱਸਾ ਵੀ ਲਿਆ ਜਾਵੇਗਾ। ਇਸ ਦੇ ਨਾਲ ਹੀ ਧਰਨੇ 'ਚ ਸ਼ਾਮਲ ਨੌਜਵਾਨਾਂ ਨੇ ਇਨ੍ਹਾਂ ਖੇਤੀ ਬਿਲਾਂ ਨੂੰ ਕਿਸਾਨ ਵਿਰੋਧੀ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਰੱਦ ਕਰਵਾਉਣ ਲਈ ਜੇ ਕਰ ਕੁਰਬਾਨੀ ਵੀ ਦੇਣੀ ਪਵੇ ਤਾਂ ਅਸੀਂ ਦੇਵਾਂਗੇ।
ਸੋ ਇਸ ਤਰ੍ਹਾਂ ਸੂਬੇ ਅੰਦਰ 31 ਕਿਸਾਨ ਜੱਥੇਬੰਦੀਆਂ ਵੱਲੋਂ ਜਾਰੀ ਰੇਲ ਰੋਕੋ ਅੰਦੋਲਨ ਨੂੰ ਜਿੱਥੇ ਬੁੱਧੀਜੀਵੀਆਂ, ਸਿਆਸੀ ਧਿਰਾਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਉੱਥੇ ਹੀ ਵੱਡੀ ਗਿਣਤੀ 'ਚ ਔਰਤਾਂ, ਨੌਜਵਾਨ, ਬੱਚੇ ਅਤੇ ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਹੱਕ 'ਚ ਮੈਦਾਨ 'ਚ ਨਿੱਤਰੇ ਹਨ।