ਬਰਨਾਲਾ : ਸਿਹਤ ਵਿਭਾਗ ਨੇ ਸ਼ਹਿਰ ਦੇ ਇੱਕ ਗੋਦਾਮ ਵਿੱਚ ਛਾਪੇਮਾਰੀ ਕਰਕੇ 40 ਕੁਇੰਟਲ ਨਕਲੀ ਦੇਸੀ ਘਿਓ ਬਰਾਮਦ ਕੀਤਾ ਹੈ। ਗੋਦਾਮ ਮਾਲਿਕ ਵੱਲੋਂ ਨਕਲੀ ਦੇਸੀ ਘਿਓ ਦੀ ਵੱਖ-ਵੱਖ ਬ੍ਰੈਂਡ ਦੇ ਸਟੀਕਰ ਲਗਾ ਕੇ ਪੈਕਿੰਗ ਕਰਕੇ ਇਸ ਨੂੰ ਵੇਚਿਆ ਜਾਂਦਾ ਸੀ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ.ਰਾਜ ਕੁਮਾਰ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਗੋਦਾਮ ਤੋਂ 40 ਕੁਇੰਟਲ ਦੇ ਕਰੀਬ ਨਕਲੀ ਦੇਸੀ ਘਿਓ ਬਰਾਮਦ ਹੋਇਆ ਹੈ। ਇਸ ਨੂੰ ਵੱਖ-ਵੱਖ ਬ੍ਰਾਂਡ ਦੇ ਡੱਬਿਆ 'ਚ ਪੈਕ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਨਕਲੀ ਘਿਓ ਦੇ ਸੈਂਪਲ ਲੈ ਕੇ ਇਸ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੋਦਾਮ ਮਾਲਿਕ ਡਾਲਡਾ ਘਿਓ, ਰਿਫ਼ਾਇੰਡ ਨੂੰ ਮਿਕਸ ਕਰਕੇ ਦੇਸੀ ਘਿਓ ਕਹਿ ਕੇ ਬਾਜ਼ਾਰ ਵਿੱਚ ਵੇਚਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੋਦਾਮ ਮਾਲਿਕ ਪਿਛਲੇ ਤਿੰਨ ਦਿਨਾਂ ਤੋਂ ਫਰਾਰ ਹੈ ਅਤੇ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਭੇਜ ਦਿੱਤਾ ਗਿਆ ਸੀ, ਪਰ ਉਹ ਨਹੀਂ ਆਇਆ। ਛਾਪੇਮਾਰੀ ਅਤੇ ਸੈਂਮਪਲਿੰਗ ਤੋਂ ਬਾਅਦ ਗੋਦਾਮ ਨੂੰ ਸੀਲ ਕਰ ਦਿੱਤਾ ਸੀ।