ਬਰਨਾਲਾ: ਜ਼ਿਲੇ ਦੇ ਪ੍ਰਸ਼ਾਸਨ ਨੂੰ ਉਸ ਸਮੇਂ ਭਾਜੜ ਪੈ ਗਈ, ਜਦੋਂ ਪਿੰਡ ਕੈਰੇ ਦੀ ਪੰਚਾਇਤ ਪਿੰਡ ਦੀ ਪਾਣੀ ਵਾਲੀ ਟੈਂਕੀ ਉਪਰ ਚੜ ਗਈ। ਪੰਚਾਇਤ ਪਿੰਡ ਵਿੱਚ ਹੋਏ ਨਜਾਇਜ਼ ਕਬਜ਼ੇ ਸਬੰਧੀ ਸੁਣਵਾਈ ਤੋਂ ਨਿਰਾਸ਼ ਚੱਲ ਰਹੀ ਹੈ। ਪੰਚਾਇਤ ਮੈਂਬਰ (Panchayat members) ਪਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਇੱਕ ਵਿਅਕਤੀ ਵਲੋਂ 26 ਜੂਨ ਨੂੰ ਸਰਕਾਰੀ ਗਲੀ ਵਿੱਚ ਨਜਾਇਜ਼ ਕਬਜ਼ਾ ਕਰ ਲਿਆ ਸੀ। ਜਿਸ ਸਬੰਧੀ ਪੰਚਾਇਤ ਵਲੋਂ ਐਸਡੀਐਮ ਬਰਨਾਲਾ ਨੂੰ ਸ਼ਿਕਾਇਤ ਦਿੱਤੀ ਗਈ। ਜਿਹਨਾਂ ਵੱਲੋਂ ਕਬਜ਼ਾਕਾਰੀ ਨੂੰ ਨਜਾਇਜ਼ ਹਟਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਪ੍ਰੰਤੂ ਇਹ ਕਬਜ਼ਾ ਹਟਾਉਣ ਦੀ ਜਗਾ ਉਕਤ ਪਰਿਵਾਰ ਨੇ ਬੀਤੀ ਰਾਤ ਗਲੀ ਵਿੱਚ ਕੰਧ ਕੱਢ ਕੇ ਕਬਜ਼ਾ ਹੋਰ ਪੱਕਾ ਕਰ ਲਿਆ।
ਇਸ ਸਬੰਧੀ ਜਦੋਂ ਪੱਖੋ-ਕੈਂਚੀਆਂ ਪੁਲਿਸ ਚੌਂਕੀ ਇੰਚਾਰਜ਼ (Police outpost in charge) ਨੂੰ ਜਾਣੂ ਕਰਵਾਇਆ ਤਾਂ ਉਹਨਾਂ ਪੰਚਾਇਤ ਦੀ ਗੱਲ ਸੁਨਣ ਦੀ ਬਜਾਏ ਕਬਜ਼ਾ ਕਰਨ ਵਾਲੇ ਪਰਿਵਾਰ ਦਾ ਪੱਖ ਪੂਰਦਿਆਂ ਪੰਚਾਇਤ ਲਈ ਮੰਦੀ ਭਾਸ਼ਾ ਵਰਤੀ ਅਤੇ ਪਰਚੇ ਦਰਜ਼ ਕਰਨ ਦੀ ਧਮਕੀ ਦਿੱਤੀ ਗਈ। ਜਿਸ ਤੋਂ ਨਿਰਾਸ਼ ਹੋ ਕੇ ਉਹ ਪਾਣੀ ਵਾਲੀ ਟੈਂਕੀ ’ਤੇ ਚੜਨ ਲਈ ਮਜਬੂਰ ਹੋਏ ਹਨ। ਟੈਂਕੀ ’ਤੇ ਚੜੇ ਪੰਚ ਪਰਮਜੀਤ ਸਿੰਘ ਕੈਰੇ ਨੇ ਕਿਹਾ ਕਿ ਪ੍ਰਸ਼ਾਸ਼ਨ ਅਤੇ ਪੁਲੀਸ ਇੱਕ ਪਿੰਡ ਦੀ ਪੰਚਾਇਤ ਦੀ ਸੁਣਵਾਈ ਨਹੀਂ ਕਰ ਰਹੀ ਤਾਂ ਆਮ ਲੋਕਾਂ ਦੀ ਸੁਣਵਾਈ ਕਿੱਥੋਂ ਹੋਵੇਗੀ।