ਬਰਨਾਲਾ :ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਸ਼ਹੀਦੀ ਦਿਹਾੜਾ ਅੱਜ ਬਰਨਾਲਾ ਦਾਣਾ ਮੰਡੀ ਵਿਖੇ ਮਨਾਇਆ ਗਿਆ, ਜਿੱਥੇ ਪੂਰੇ ਜ਼ਿਲ੍ਹੇ ਵਿੱਚੋਂ ਔਰਤਾਂ, ਕਿਸਾਨਾਂ ਮਜ਼ਦੂਰਾਂ ਤੇ ਨੌਜਵਾਨਾਂ ਦੇ ਕਾਫਲੇ ਵੱਡੀ ਗਿਣਤੀ ਵਿੱਚ ਪਹੁੰਚੇ। ਸਭ ਪਹਿਲਾਂ ਦੋ ਮਿੰਟ ਦਾ ਮੌਨ ਧਾਰਕੇ ਸ਼ਹੀਦਾਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ।
'ਸਾਮਰਾਜੀਓ ਵਾਪਸ ਜਾਉ, ਸਾਮਰਾਜੀਓ ਵਾਪਸ ਜਾਉ' ਦੇ ਨਾਹਰੇ :ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਉਸ ਸਾਥੀਆਂ ਨੇ ਉਸ ਸਮੇਂ ਦੀ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਸੰਘਰਸ਼ ਕੀਤਾ ਸੀ। ਉਹ ਚਾਹੁੰਦੇ ਸਨ ਕਿ ਦੇਸ਼ ਵਿੱਚ ਵਸਦੇ ਕੁੱਲ ਵਰਗ ਦੀ ਲੁੱਟ ਨਾ ਹੋਵੇ। ਹਰ ਇਕ ਨੂੰ ਰੋਟੀ ਰੋਜ਼ੀ, ਕਪੜਾ, ਮਕਾਨ ਮਿਲੇ। ਅੱਜ ਵੀ ਭਾਰਤ ਅੰਦਰ 1931ਵਾਲੇ ਹਾਲਾਤ ਬਣੇ ਹੋਏ ਹਨ। ਭਾਰਤੀ ਹਾਕਮ ਅੱਜ ਵੀ ਸਾਮਰਾਜੀ ਕਾਰਪੋਰੇਟ ਘਰਾਣਿਆਂ ਨੂੰ ਵਿਕਾਸ ਦੇ ਨਾਂਅ ਹੇਠ ਧੋਖਾ ਦੇ ਕੇ ਭਾਰਤ ਦੇ ਮਾਲ ਖ਼ਜ਼ਾਨੇ ਲਟਾਉਣ ਲਈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ G-20 ਸੰਮੇਲਣ ਕਰਵਾ ਕੇ ਦੇਸ਼ ਨੂੰ ਗਿਰਵੀ ਰੱਖਣ ਦੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਹਨ। ਜਿਸ ਦੇ ਵਿਰੋਧ ਵਿੱਚ 15 ਮਾਰਚ ਨੂੰ ਪੰਜਾਬ ਭਰ ਵਿੱਚੋਂ ਵੱਡੀ ਪੱਧਰ ਤੇ ਵਿਰੋਧ ਕੀਤਾ ਗਿਆ। 'ਸਾਮਰਾਜੀਓ ਵਾਪਸ ਜਾਉ, ਸਾਮਰਾਜੀਓ ਵਾਪਸ ਜਾਉ' ਦੇ ਨਾਹਰੇ ਗੁਜਾਏ ਗਏ।