ਬਰਨਾਲਾ:ਪਿੰਡ ਨੰਗਲ (Village Nangal) ਵਿਖੇ ਪੇਕੇ ਪਿੰਡ ਰਹਿ ਰਹੀ ਇੱਕ ਵਿਧਵਾ ਆਪਣੇ ਪੁੱਤਰ ਨੂੰ ਲੈ ਕੇ ਪਾਣੀ ਵਾਲੀ ਟੈਂਕੀ (Water tank) ’ਤੇ ਚੜ ਗਈ। ਘਟਨਾਂ ਦੀ ਭਿਣਕ ਪੈਂਦਿਆਂ ਹੀ ਸਬੰਧਿਤ ਥਾਣੇ ਦੀ ਪੁਲਿਸ ਤੇ ਸਿਵਲ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਪੀੜਤ ਵਿਧਵਾ ਨੂੰ ਮਨਾਉਣ ਦੀ ਕੋਸਿਸਾਂ ਆਰੰਭ ਦਿੱਤੀਆਂ। ਵਿਧਵਾ ਦਾ ਕਹਿਣਾ ਹੈ ਕਿ ਉਸਦਾ ਸਹੁਰਾ ਪਰਿਵਾਰ ਜ਼ਮੀਨ ਵਿੱਚੋਂ ਬਣਦਾ ਉਸਦੇ ਪਤੀ ਦਾ ਹਿੱਸਾ ਉਨਾਂ ਨੂੰ ਦੇਣ ਤੋਂ ਭੱਜ ਰਿਹਾ ਹੈ।
ਮਨਦੀਪ ਦੇਵੀ ਪਤਨੀ ਲੇਟ ਜਸਵਿੰਦਰ ਕੁਮਾਰ ਵਾਸੀ ਪੰਜਗਰਾਈਂ (ਮਲੇਰਕੋਟਲਾ) ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਪਿਛਲੇ ਲੰਮੇ ਸਮੇਂ ਤੋਂ ਆਪਣੇ ਪੇਕੇ ਪਿੰਡ ਨੰਗਲ (ਬਰਨਾਲਾ) ਵਿਖੇ ਹੀ ਰਹਿ ਰਹੀ ਹੈ।ਅੱਜ 10 ਕੁ ਵਜੇ ਪਿੰਡ ’ਚ ਸਥਿੱਤ ਵਾਟਰ ਵਰਕਸ ਦੀ ਟੈਂਕੀ ’ਤੇ ਆਪਣੇ ਪੁੱਤਰ ਸਮੇਤ ਚੜ ਗਈ।ਜਿਸ ਕਾਰਨ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਪੁਲਿਸ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਨਾਲ ਲੈ ਕੇ ਵਿਧਵਾ ਨੂੰ ਮਨਾਉਣ ਤੇ ਟੈਂਕੀ ਤੋਂ ਉਤਾਰਨ ਦੀਆਂ ਕੋਸ਼ਿਸਾਂ ਆਰੰਭ ਦਿੱਤੀਆਂ ਪਰ ਵਿਧਵਾ ਆਪਣੇ ਸਹੁਰੇ ਪਰਿਵਾਰ ਖਿਲਾਫ਼ ਤੁਰੰਤ ਕਾਰਵਾਈ ਦੀ ਮੰਗ ਨੂੰ ਲੈ ਕੇ ਬਜਿੱਦ ਸੀ। ਪੀੜਤ ਵਿਧਵਾ ਦੇ ਭਰਾ ਹਰਜੀਤ ਰਾਮ ਪੁੱਤਰ ਪਰਸ ਰਾਮ ਨੇ ਦੱਸਿਆ ਕਿ ਉਨਾਂ ਨੇ ਆਪਣੀ ਭੈਣ ਮਨਦੀਪ ਦੇਵੀ ਦਾ ਵਿਆਹ 14 ਸਾਲ ਪਹਿਲਾਂ ਪੰਜਗਰਾਈਂ ਵਾਸੀ ਜਸਵਿੰਦਰ ਕੁਮਾਰ ਨਾਲ ਰੀਤੀ-ਰਿਵਾਜਾਂ ਮੁਤਾਬਕ ਕੀਤਾ ਸੀ, ਜਿਸ ਦੇ ਦੋ ਸਾਲ ਪਿੱਛੋਂ ਹੀ ਜਸਵਿੰਦਰ ਕੁਮਾਰ ਨੇ ਖੁਦਕੁਸ਼ੀ ਕਰ ਲਈ ਸੀ। ਉਦੋਂ ਤੋਂ ਹੀ ਲੈ ਕੇ ਮਨਦੀਪ ਦੇਵੀ ਆਪਣੇ ਪੇਕੇ ਪਿੰਡ ਨੰਗਲ ਵਿਖੇ ਰਹਿ ਰਹੀ ਹੈ। ਜਿਸ ਦਾ ਸਹੁਰਾ ਪਰਿਵਾਰ ਜ਼ਮੀਨ ਤੇ ਹੋਰ ਜਾਇਦਾਦ ਵਿੱਚੋਂ ਬਣਦਾ ਹਿੱਸਾ ਉਨਾਂ ਨੂੰ ਦੇਣ ਤੋਂ ਭੱਜ ਰਿਹਾ ਹੈ। ਜਿਸ ਕਰਕੇ ਉਨਾਂ ਨੇ ਅਦਾਲਤ ਵਿੱਚ ਕੇਸ ਲਾ ਦਿੱਤਾ। ਇਸ ਤੋਂ ਇਲਾਵਾ ਕਈ ਵਾਰ ਪੁਲਿਸ ਤੇ ਪੰਚਾਇਤੀ ਨੁਮਾਇੰਦਿਆਂ ਦੀ ਹਾਜਰੀ ਵਿੱਚ ਵੀ ਸਮਝੌਤੇ ਹੋ ਚੁੱਕੇ ਹਨ। ਇਸ ਤਹਿਤ ਹੀ ਡੀਐਸਪੀ ਮਹਿਲ ਕਲਾਂ ਵਿਖੇ ਹੋਏ ਸਮਝੌਤੇ ਦੌਰਾਨ 3 ਲੱਖ ਰੁਪਏ ਤੇ ਡੇਢ ਵਿੱਘਾ ਜ਼ਮੀਨ ਦੇਣ ਦਾ ਸਮਝੌਤਾ ਹੋਇਆ ਸੀ। ਜਿਸ ਤੋਂ ਵੀ ਸਹੁਰਾ ਪਰਿਵਾਰ ਮੁਕਰ ਗਿਆ।