ਧਾਰਮਿਕ ਸਥਾਨ 'ਤੇ ਜਾ ਰਹੇ ਚਾਰ ਕਾਰ ਸਵਾਰਾਂ ਦੀ ਮੌਕੇ 'ਤੇ ਮੌਤ ਮਹਿਲਕਲਾਂ/ ਬਰਨਾਲਾ: ਲੁਧਿਆਣਾ ਮੁੱਖ ਮਾਰਗ ‘ਤੇ ਇੱਕ ਹੋਰ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਅੱਜ ਸਵੇਰੇ ਪੰਜ ਵਜੇ ਇੱਕ ਕਾਰ ਇੱਟਾਂ ਨਾਲ ਭਰੀ ਟਰਾਲੀ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਜਿਸ ਕਾਰਨ ਕਾਰ ਵਿੱਚ ਸਵਾਰ ਚਾਰੇ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ 'ਚ ਸਵਾਰ ਲੋਕ ਹਰਿਆਣਾ ਦੇ ਹਿਸਾਰ ਦੇ ਰਹਿਣ ਵਾਲੇ ਸਨ ਅਤੇ ਨਕੋਦਰ ਵਿਖੇ ਲਾਡੀ ਸ਼ਾਹ ਦੇ ਡੇਰੇ ਮੱਥਾ ਟੇਕਣ ਜਾ ਰਹੇ ਸਨ। (Road Accident In Barnala)
ਭਿਆਨਕ ਸੜਕ ਹਾਦਸਾ: ਬਰਨਾਲਾ-ਲੁਧਿਆਣਾ ਰੋਡ 'ਤੇ ਪਿੰਡ ਭੱਦਲਵੱਡ ਨੇੜੇ ਉਨ੍ਹਾਂ ਦੀ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਮਰਨ ਵਾਲਿਆਂ ਵਿੱਚ ਜੀਜਾ-ਸਾਲਾ ਵੀ ਸ਼ਾਮਲ ਹਨ, ਜਿਨ੍ਹਾਂ 'ਚੋਂ ਇੱਕ ਦੀ ਉਮਰ 40 ਸਾਲ ਅਤੇ ਦੋ ਦੀ ਉਮਰ 27-28 ਸਾਲ, ਜਦਕਿ ਇੱਕ 13-14 ਸਾਲ ਦਾ ਬੱਚਾ ਵੀ ਸੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਇਸ ਤੋਂ ਇੱਕ ਦਿਨ ਪਹਿਲਾਂ ਵੀ ਇਸੇ ਰੋਡ 'ਤੇ ਕੁੱਝ ਕਿਲੋਮੀਟਰ ਦੂਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ, ਜਿਸ 'ਚ ਦੋ ਲੋਕਾਂ ਦੀ ਮੌਤ ਹੋ ਗਈ ਸੀ।
ਮੌਕੇ ਉੱਤੇ ਹੋਈ ਮੌਤ: ਇਸ ਮੌਕੇ ਚਸ਼ਮਦੀਦਾਂ ਨੇ ਦੱਸਿਆ ਕਿ ਬਰਨਾਲਾ ਲੁਧਿਆਣਾ ਸਟੇਟ ਹਾਈਵੇਅ 'ਤੇ ਪਿੰਡ ਭੱਦਲਵੱਡ ਨੇੜੇ ਅੱਜ ਸਵੇਰੇ ਇੱਕ ਸੜਕ ਹਾਦਸਾ ਵਾਪਰਿਆ। ਇੱਟਾਂ ਦੀ ਭਰੀ ਟਰਾਲੀ ਬਰਨਾਲਾ ਤੋਂ ਲੁਧਿਆਣਾ ਵੱਲ ਜਾ ਰਹੀ ਸੀ। ਇਸ ਦੌਰਾਨ ਪਿੱਛੇ ਤੋਂ ਇੱਕ ਕਾਰ ਆ ਕੇ ਟਰਾਲੀ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਜਿਸ ਕਾਰਨ ਕਾਰ 'ਚ ਸਵਾਰ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸੜਕ ਹਾਦਸੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਜਦੋਂ ਪਿੰਡ ਵਾਸੀਆਂ ਨੇ ਆ ਕੇ ਗੱਡੀ ਵਿੱਚ ਸਵਾਰ ਲੋਕਾਂ ਨੂੰ ਦੇਖਿਆ ਤਾਂ ਚਾਰਾਂ ਦੀ ਮੌਤ ਹੋ ਚੁੱਕੀ ਸੀ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਟਰੈਕਟਰ ਟਰਾਲੀ ਅਤੇ ਉਸ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ।
ਪੁਲਿਸ ਨੇ ਕੀਤੀ ਕਾਰਵਾਈ:ਇਸ ਸਬੰਧੀ ਥਾਣਾ ਠੁੱਲੀਵਾਲ ਦੇ ਐਸਐਸਓ ਬਲਦੇਵ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਪੰਜ ਵਜੇ ਪਿੰਡ ਭੱਦਲਵੱਡ ਨੇੜੇ ਵੱਡਾ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ। ਕਾਰ ਚਾਲਕ ਹਰਿਆਣਾ ਦੇ ਹਿਸਾਰ ਦਾ ਰਹਿਣ ਵਾਲਾ ਹੈ, ਜੋ ਨਕੋਦਰ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਸੜਕ ’ਤੇ ਇੱਟਾਂ ਨਾਲ ਭਰੀ ਟਰਾਲੀ ਜਾ ਰਹੀ ਸੀ ਜਿਸ ਵਿੱਚ ਕੋਈ ਰਿਫਲੈਕਟਰ ਆਦਿ ਨਹੀਂ ਸੀ। ਇਸ ਕਾਰਨ ਕਾਰ ਟਰਾਲੀ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ ਅਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਮ੍ਰਿਤਕ ਦੇ ਵਾਰਸਾਂ ਦੇ ਆਉਣ 'ਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।