ਬਰਨਾਲਾ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਪੰਜਾਬ ਦੇ ਕਿਸਾਨ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ 'ਤੇ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਸੰਘਰਸ਼ਾਂ ਦੀ ਲੜੀ ਦੇ ਤਹਿਤ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ 1 ਅਕਤੂਬਰ ਤੋਂ ਰੇਲ ਮਾਰਗਾਂ 'ਤੇ ਪੱਕੇ ਮੋਰਚੇ ਲਗਾਉਣ ਦੀ ਤਿਆਰੀ ਵਿੱਢ ਦਿੱਤੀ ਗਈ ਹੈ। ਇਸ ਮੋਰਚੇ ਦੀ ਤਿਆਰੀ ਨੂੰ ਲੈ ਕੇ ਅੱਜ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਕਿਸਾਨ ਅੰਦੋਲਨ ਲਈ ਫੰਡ, ਲੰਗਰ, ਸਾਊਂਡ ਤੋਂ ਇਲਾਵਾ ਸਾਰੇ ਪ੍ਰਬੰਧਾਂ ਲਈ ਚਰਚਾ ਕੀਤੀ ਗਈ।
31 ਕਿਸਾਨ ਜਥੇਬੰਦੀਆਂ 1 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਵਿੱਢਣਗੀਆਂ ਰੇਲ ਮਾਰਗਾਂ 'ਤੇ ਮੋਰਚਾ ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਮਨਜੀਤ ਸਿੰਘ ਧਨੇਰ, ਜਗਸੀਰ ਸਿੰਘ ਛੀਨੀਵਾਲ ਅਤੇ ਪਵਿੱਤਰ ਸਿੰਘ ਲਾਲੀ ਨੇ ਕਿਹਾ ਕਿ ਕਿਸਾਨੀ ਸੰਘਰਸ਼ ਲਗਾਤਾਰ ਦਿਨੋਂ ਦਿਨ ਤੇਜ਼ ਹੋ ਰਿਹਾ ਹੈ। ਅਗਲੇ ਸੰਘਰਸ਼ ਦੀ ਕੜੀ ਤਹਿਤ 1 ਅਕਤੂਬਰ ਤੋਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਸਾਂਝੇ ਤੌਰ 'ਤੇ ਪੰਜਾਬ ਦੇ ਸਾਰੇ ਰੇਲ ਮਾਰਗਾਂ ਨੂੰ ਜਾਮ ਕਰਨਗੀਆਂ। ਬਰਨਾਲਾ ਵਿਖੇ ਵੀ ਰੇਲਵੇ ਸਟੇਸ਼ਨ 'ਤੇ ਮੁੜ ਪੱਕਾ ਮੋਰਚਾ ਲਗਾਇਆ ਜਾਵੇਗਾ।
31ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਭੁੱਲ ਜਾਵੇ ਕਿ ਕਿਸਾਨ 2-4 ਦਿਨਾਂ ਬਾਅਦ ਰੇਲ ਮਾਰਗਾਂ ਤੋਂ ਉੱਠ ਖੜ੍ਹਨਗੇ। ਪਿਛਲੇ ਸਾਲ ਇਨ੍ਹਾਂ ਦਿਨਾਂ ਵਿੱਚ ਹੀ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਬਰਨਾਲਾ ਦੀ ਜੇਲ੍ਹ ਅੱਗੇ ਮੋਰਚਾ ਲਗਾਇਆ ਗਿਆ ਸੀ, ਜੋ ਲਗਾਤਾਰ 45 ਦਿਨ ਚੱਲਿਆ ਅਤੇ 46ਵੇਂ ਦਿਨ ਮਨਜੀਤ ਧਨੇਰ ਨੂੰ ਰਿਹਾਅ ਕਰਵਾ ਕੇ ਸੰਘਰਸ਼ ਜਿੱਤਿਆ ਗਿਆ ਸੀ। ਹੁਣ ਵੀ ਪੰਜਾਬ ਦੇ ਲੋਕ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਖੇਤੀ ਬਿੱਲ ਰੱਦ ਕਰਾਉਣ ਲਈ ਘਰਾਂ ਤੋਂ ਬਾਹਰ ਨਿਕਲ ਆਏ ਹਨ। ਇਹ ਸੰਘਰਸ਼ ਉਦੋਂ ਹੀ ਖ਼ਤਮ ਹੋਵੇਗਾ ਜਦੋਂ ਖੇਤੀ ਬਿੱਲ ਰੱਦ ਹੋਣਗੇ।
31ਕਿਸਾਨ ਜਥੇਬੰਦੀਆਂ ਦੀ ਮੀਟਿੰਗ ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਦਿੱਲੀ ਵੱਲ ਵੀ ਕੂਚ ਕਰ ਸਕਦੇ ਹਾਂ, ਪਰ ਅਜੇ ਪੰਜਾਬ ਵਿੱਚ ਰਹਿ ਕੇ ਕਿਸਾਨਾਂ ਨੂੰ ਇਕਜੁੱਟ ਕਰ ਰਹੇ ਹਾਂ। ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇਨ੍ਹਾਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖੇਤੀ ਬਿੱਲ ਰੱਦ ਕਰਵਾਉਣ ਤੋਂ ਬਿਨਾਂ ਇਹ ਸੰਘਰਸ਼ ਖ਼ਤਮ ਨਹੀਂ ਹੋਵੇਗਾ।
31ਕਿਸਾਨ ਜਥੇਬੰਦੀਆਂ ਦੀ ਮੀਟਿੰਗ