ਬਰਨਾਲਾ: ਸ਼ਹਿਰ ਵਿੱਚ ਇਨਸਾਨੀਅਤ ਸ਼ਰਮਸ਼ਾਰ ਕਰਦੀ ਘਟਨਾ ਸਾਹਮਣੇ ਆਈ ਹੈ ਜਿਥੇ ਇੱਕ 22 ਸਾਲਾ ਕੁੜੀ ਨੂੰ ਬੰਧੀ ਬਣਾ ਕੇ ਉਸ ਨਾਲ ਲਗਾਤਾਰ 8 ਮਹੀਨੇ ਬਲਾਤਕਾਰ ਕੀਤਾ ਗਿਆ। ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ 2 ਔਰਤਾਂ ਸਮੇਤ ਕੁੱਲ 7 ਲੋਕਾਂ ’ਤੇ ਪਰਚਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਜਾਂਚ ਕਰਨ ਵਾਲੇ 3 ਥਾਣੇਦਾਰਾਂ ਨੂੰ ਵੀ ਸਸਪੈਂਡ ਕੀਤਾ ਗਿਆ ਹੈ ਜਿਨ੍ਹਾਂ ’ਤੇ ਪੀੜਤਾ ਨੂੰ ਡਰਾਉਣ ਧਮਕਾਉਣ ਦੇ ਦੋਸ਼ ਲੱਗੇ ਹਨ। ਫਿਲਹਾਲ ਪੀੜਤ ਕੁੜੀ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾ ਕੇ ਮੈਡੀਕਲ ਕਰਵਾਉਣ ਉਪਰੰਤ ਮੈਜਿਸਟ੍ਰੇਟ ਵੱਲੋਂ ਬਿਆਨ ਦਰਜ ਕੀਤੇ ਗਏ ਹਨ।
ਪੀੜਤ ਲੜਕੀ ਦੀ ਕਿਰਾਏਦਾਰ ਨੇ ਕੀਤਾ ਸੀ ਅਗਵਾ
22 ਸਾਲਾ ਕੁੜੀ ਨਾਲ 8 ਮਹੀਨੇ ਬੰਧਕ ਬਣਾ ਕੀਤਾ ਜਬਰ ਜਨਾਹ, 3 ਥਾਣਦੇਾਰ ਸਸਪੈਂਡ ਪੀੜਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਜੂਨ 2020 ਨੂੰ ਫ਼ੋਟੋ ਸਟੇਟ ਕਰਵਾਉਣ ਘਰ ਤੋਂ ਗਈ ਸੀ। ਇਸ ਦੌਰਾਨ ਉਨ੍ਹਾਂ ਦੇ ਘਰ ਕਿਰਾਏ ’ਤੇ ਰਹਿਣ ਵਾਲੀ ਔਰਤ ਆਪਣੀ ਭਾਬੀ ਦੇ ਘਰ ਉਸ ਨੂੰ ਆਪਣੇ ਨਾਲ ਲੈ ਗਈ। ਜਿੱਥੇ ਉਸ ਥਾਂ ਇੱਕ ਪਾਖੰਡੀ ਬਾਬੇ ਸਮੇਤ 20 ਤੋਂ 25 ਵਿਅਕਤੀ ਹਾਜ਼ਰ ਸਨ। ਉਥੇ ਉਸ ਨੂੰ ਕੋਕਾਕੋਲਾ ਵਿੱਚ ਕੁੱਝ ਨਸ਼ੀਲਾ ਪਦਾਰਥ ਪਿਲਾ ਦਿੱਤਾ ਗਿਆ। ਇਸ ਤੋਂ ਬਾਅਦ ਉਸਦਾ ਸਰੀਰ ਸੁੰਨ ਹੋ ਗਿਆ। ਇਸ ਮਗਰੋਂ ਪਾਖੰਡੀ ਬਾਬੇ ਸਮੇਤ ਹੋਰ ਕਈ ਵਿਅਕਤੀਆਂ ਨੇ ਉਸ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ।
3 ਲੱਖ ਰੁਪਏ ’ਚ ਵੇਚਣ ਦੀ ਕੀਤੀ ਗਈ ਕੋਸ਼ਿਸ਼
ਇਸ ਉਪਰੰਤ ਉਹ ਪੀੜਤ ਲੜਕੀ ਨੂੰ ਬਰਨਾਲਾ ਦੇ ਪਿੰਡ ਪੰਧੇਰ ਲੈ ਗਏ, ਜਿੱਥੇ ਉਸ ਨੂੰ ਕੈਦ ਕਰਕੇ ਰੱਖਿਆ ਗਿਆ ਜਿਥੇ ਉਸ ਨੂੰ ਮਿਲਣ ਪੁਲਿਸ ਮੁਲਾਜ਼ਮ ਵੀ ਆਉਂਦੇ ਸਨ। ਜੋ ਕਿ ਪੀੜਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹਿੰਦੇ ਸਨ। ਇਸ ਦੌਰਾਨ ਉਸ ਨੂੰ ਟੀਕੇ ਵਗੈਰਾ ਲਗਾ ਕੇ ਵੀ ਬੇਹੋਸ਼ ਰੱਖਿਆ ਜਾਂਦਾ ਸੀ। ਪੀੜਤਾ ਨੂੰ ਧੂਰੀ ਅਤੇ ਉਸ ਤੋਂ ਬਾਅਦ ਬਠਿੰਡਾ ਵੀ ਲੈ ਕੇ ਜਾਇਆ ਗਿਆ ਸੀ। ਇਸ ਦੌਰਾਨ ਉਸ ਨੂੰ 3 ਲੱਖ ਰੁਪਏ ’ਚ ਵੇਚਣ ਦਾ ਸੌਦਾ ਵੀ ਕੀਤਾ। ਇਸ ਸਾਰੀ ਘਟਨਾ ਵਿੱਚੋਂ ਉਹ ਬਹੁਤ ਮੁਸ਼ਕਿਲ ਨਾਲ ਨਿਕਲ ਸਕੀ। ਉਨ੍ਹਾਂ ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਵੱਲੋਂ ਕਾਰਵਾਈ ਜਾਰੀ
ਉਧਰ ਇਸ ਸਬੰਧੀ ਬਰਨਾਲਾ ਦੇ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਵਿੱਚ 10 ਜੁਲਾਈ 2020 ਵਿੱਚ ਇੱਕ ਮਾਮਲਾ ਪੀੜਤ ਲੜਕੀ ਦੀ ਮਾਤਾ ਦੇ ਬਿਆਨ ’ਦੇ ਦਰਜ ਕੀਤਾ ਗਿਆ ਸੀ। ਜਿਸ ਵਿੱਚ ਪੀੜਤਾ ਦੀ ਮਾਤਾ ਨੇ ਕਿਰਾਏਦਾਰ ਔਰਤ ’ਤੇ ਉਨ੍ਹਾਂ ਦੀ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਲਗਾਏ ਗਏ ਸਨ। ਇਸ ਉਪਰੰਤ ਕਿਰਾਏਦਾਰ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਚੱਲਦੀ ਜਾਂਚ ਦੌਰਾਨ 28 ਜੁਲਾਈ 2020 ਨੂੰ ਲੜਕੀ ਨੇ ਮਾਨਯੋਗ ਮੈਜਿਸਟ੍ਰੇਟ ਕੋਲ ਬਿਆਨ ਦਰਜ਼ ਕਰਵਾਏ ਸਨ ਕਿ ਉਹ ਬਾਲਗ ਹੈ ਅਤੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਕੇ ਰਹਿਣਾ ਚਾਹੁੰਦੀ ਹੈ। ਜਿਸਤੋਂ ਬਾਅਦ ਕੇਸ ਦੀ ਕਾਰਵਾਈ ਰੁਕ ਗਈ।
3 ਥਾਣੇਦਾਰਾਂ ’ਤੇ ਡਰਾਉਣ ਧਮਕਾਉਣ ਦੇ ਦੋਸ਼
ਪਰ 23 ਫ਼ਰਵਰੀ ਨੂੰ ਪੁਲਿਸ ਵਲੋਂ ਸਰਕਾਰੀ ਹਸਪਤਾਲ ਤੋਂ ਰੁੱਕਾ ਪਹੁੰਚਿਆ ਅਤੇ ਪੀੜਤਾ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ। ਇਸ ਸਾਰੇ ਮਾਮਲੇ ਨੂੰ ਐਸਐਸਪੀ ਬਰਨਾਲਾ ਦੇ ਧਿਆਨ ਵਿੱਚ ਲਿਆਂਦਾ ਗਿਆ। ਜਿਸ ਉਪਰੰਤ ਪੀੜਤਾ ਦੇ ਮਾਨਯੋਗ ਮੈਜਿਸਟ੍ਰੇਟ ਨੂੰ ਬਿਆਨ ਦਵਾਏ ਗਏ। ਇਨ੍ਹਾਂ ਬਿਆਨਾਂ ਵਿੱਚ ਲੜਕੀ ਨੇ ਗੰਭੀਰ ਦੋਸ਼ ਲਗਾਏ ਹਨ ਕਿ ਉਸਦਾ ਧੱਕੇ ਨਾਲ ਵਿਆਹ ਕਰਕੇ ਬਲਾਤਕਾਰ ਕੀਤਾ ਗਿਆ। ਇਸਦੇ ਨਾਲ ਹੀ 3 ਥਾਣੇਦਾਰਾਂ ’ਤੇ ਡਰਾਉਣ ਧਮਕਾਉਣ ਦੇ ਦੋਸ਼ ਲਗਾਏ ਗਏ। ਡੀਐਸਪੀ ਬਰਨਾਲਾ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਪੱਖ ਸਾਹਮਣੇ ਆਉਣਗੇ, ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।