ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਸਰੂਪਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਲੋਂ ਐਸਜੀਪੀਸੀ ਦਫ਼ਤਰ ਅੱਗੇ ਪਿਛਲੇ 40 ਦਿਨਾਂ ਤੋਂ ਪੱਕੇ ਮੋਰਚਾ ਲੱਗਿਆ ਹੋਇਆ ਸੀ ਪਰ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਭਿਆਨਕ ਲੜਾਈ ਹੋ ਗਈ, ਜਿਸ ਵਿੱਚ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਸ਼੍ਰੋਮਣੀ ਕਮੇਟੀ ਦੇ ਕੁੱਝ ਵਰਕਰ ਵੀ ਜ਼ਖ਼ਮੀ ਹੋਏ। ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਸਿੰਘਾਂ ਵਿੱਚੋਂ ਕਮੇਟੀ ਮੈਂਬਰ ਪਰਮਜੀਤ ਸਿੰਘ ਅਕਾਲੀ ਨਾਲ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।
ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੋਰਚਾ ਸ਼ਾਤਮਈ ਚਲਾਇਆ ਰਿਹਾ ਸੀ ਪਰ ਸ਼੍ਰੋਮਣੀ ਕਮੇਟੀ ਨੇ ਭਾਈ ਸੁਖਜੀਤ ਸਿੰਘ ਖੋਸਾ ਵੱਲੋਂ ਮੁੱਖ ਗੇਟ ਨੂੰ ਤਾਲਾ ਲਾਉਣ ਨੂੰ ਲੈ ਮੁੱਦਾ ਬਣਾ ਲਿਆ। ਉਨ੍ਹਾਂ ਕਿਹਾ ਕਿ ਜੇ ਭਾਈ ਖੋਸਾ ਦਖਲਅੰਦਾਜ਼ੀ ਕਰਦੇ ਸੀ ਤਾਂ ਮੋਰਚੇ ਨੂੰ ਦੱਸਣਾ ਚਾਹੀਦਾ ਸੀ। ਪਰੰਤੂ ਸ੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਦੀ ਮਰਿਆਦਾ ਵਿੱਚ ਦਖ਼ਲਅੰਦਾਜ਼ੀ ਦਾ ਬਹਾਨਾ ਬਣਾ ਕੇ ਮੋਰਚੇ ਉਪਰ ਟਾਸਕ ਫ਼ੋਰਸ ਦੇ 400-500 ਵਿਅਕਤੀ ਇਕੱਠੇ ਕਰਕੇ ਉਪਰ ਹਮਲਾ ਕਰ ਦਿੱਤਾ, ਜਿਸ ਦੌਰਾਨ ਮੋਰਚੇ ਦੇ ਸਿੰਘਾਂ ਅਤੇ ਬੀਬੀਆਂ ਦੇ ਸੱਟਾਂ ਲੱਗੀਆਂ। ਇਸ ਦੌਰਾਨ ਉਨ੍ਹਾਂ ਨੇ ਵੀ ਹਮਲਾਵਰਾਂ ਦਾ ਸਾਹਮਣਾ ਕੀਤਾ ਪਰੰਤੂ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਹਮਲਾਵਰਾਂ ਵਿਰੁੱਧ ਤਾਂ ਕੀ ਕਾਰਵਾਈ ਕਰਨੀ ਸੀ ਉਲਟਾ ਉਨ੍ਹਾਂ ਉਪਰ ਹੀ 307 ਦਾ ਪਰਚਾ ਦਰਜ ਕਰ ਦਿੱਤਾ।