ਅੰਮ੍ਰਿਤਸਰ: ਸ਼ਿਵਰਾਤਰੀ ਦੇ ਪਾਵਨ ਤਿਉਹਾਰ ਉੱਤੇ ਸੰਗਤਾਂ ਨੂੰ ਸਮਰਪਿਤ ਅੰਮ੍ਰਿਤਸਰ ਦੇ ਆਰਟਿਸਟ ਬਲਜਿੰਦਰ ਸਿੰਘ ਨੇ ਟੁੱਥਪਿਕਸ ਨਾਲ ਅਣੋਖਾ ਸ਼ਿਵਲਿੰਗ ਬਣਾਇਆ। ਇਸ ਸ਼ਿਵਲਿੰਗ ਨੂੰ 9981 ਟੁੱਥਪਿਕਸ ਨਾਲ ਤਿਆਰ ਕੀਤਾ ਗਿਆ ਹੈ।
ਆਰਟਿਸਟ ਬਲਜਿੰਦਰ ਸਿੰਘ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਉੱਤੇ ਉਹ ਸ਼ਿਵ ਭਗਤਾਂ ਨੂੰ ਇੱਕ ਤੋਹਫਾ ਦੇਣਾ ਚਾਹੁੰਦੇ ਸੀ। ਇਸ ਬਾਬਤ ਉਨ੍ਹਾਂ ਨੇ ਇੱਕ ਸ਼ਿਵਲਿੰਗ ਦਾ ਮਾਡਲ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ਿਵਲਿੰਗ ਉਨ੍ਹਾਂ ਨੇ 9981 ਟੁਥਪਿਕ ਨਾਲ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਟੁਥਪਿਕ ਨੂੰ ਗੂਦ ਨਾਲ ਜੋੜ ਕੇ ਉੱਤੇ ਉਸ ਨੂੰ ਰੰਗਾਂ ਨਾਲ ਸਜਾਇਆ ਹੈ। ਇਸ ਸ਼ਿਵਲਿੰਗ ਨੂੰ ਉਨ੍ਹਾਂ ਨੇ 20 ਦਿਨਾਂ ਵਿੱਚ ਤਿਆਰ ਕੀਤਾ ਹੈ।
ਕਈ ਮਾਡਲ ਤਿਆਰ ਕਰ ਚੁੱਕੇ ਬਲਜਿੰਦਰ ਸਿੰਘ
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਟੁਥਪਿਕ ਦੇ ਕਾਫੀ ਮਾਡਲ ਤਿਆਰ ਕੀਤੇ ਹਨ, ਜਿਸ ਵਿੱਚ ਕੁਝ ਮਾਡਲ ਦੇਸ਼ ਭਗਤੀ ਵਾਲੇ ਹਨ ਤੇ ਕੁਝ ਧਾਰਮਿਕ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਉਨ੍ਹਾਂ ਦੇ ਕੀਰਤ ਦੇ ਸਿਧਾਂਤ ਉੱਤੇ ਇੱਕ ਮਾਡਲ ਬਣਾਇਆ ਸੀ, ਜਿਸ ਵਿੱਚ ਉਨ੍ਹਾਂ ਦਾ ਨਾਂਅ ਵਿਸ਼ਵ ਰਿਕਾਰਡ ਵਿੱਚ ਦਰਜ ਹੋਇਆ ਹੈ। ਦੇਸ਼ ਭਗਤੀ ਵਿੱਚ ਉਨ੍ਹਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਮਾਡਲ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹੁਣ 6 ਵਿਸ਼ਵ ਰਿਕਾਰਡ ਹਨ।