ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਡੇਮਾਨ ਨਿਕੋਬਾਰ ਦੇ ਉੱਪ ਰਾਜਪਾਲ ਐਡਮਿਰਲ ਡੀ.ਕੇ. ਜੋਸ਼ੀ ਨੂੰ ਇਕ ਪੱਤਰ ਲਿਖ ਕੇ ਕਾਲੇਪਾਣੀ ਦੀ ਸੈਲੂਲਰ ਜੇਲ੍ਹ ਵਿਚ ਸਜਾਵਾਂ ਕੱਟਣ ਵਾਲੇ ਸਿੱਖਾਂ ਨੂੰ ਢੁੱਕਵਾਂ ਮਾਣ-ਸਤਿਕਾਰ ਦੇਣ ਲਈ ਉੱਥੇ ਦੇ ਇਕ ਟਾਪੂ ਦਾ ਨਾਂ ਡਾ. ਦੀਵਾਨ ਸਿੰਘ ਕਾਲੇਪਾਣੀ ਨਗਰ ਰੱਖਣ ਅਤੇ ਪੋਰਟ ਬਲੇਅਰ ਦੀ ਇਕ ਸੜਕ ਦਾ ਨਾਂ ਬਾਬਾ ਸੋਹਣ ਸਿੰਘ ਨੂੰ ਸਮਰਪਿਤ ਕਰਨ ਦੀ ਮੰਗ ਕੀਤੀ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇਸ ਸਬੰਧੀ ਦੱਸਿਆ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਤੋਂ ਪਹਿਲਾਂ ਵੀ ਸਾਬਕਾ ਉੱਪ ਰਾਜਪਾਲ ਪ੍ਰੋ. ਜਗਦੀਸ਼ ਮੁਖੀ ਤੱਕ ਪਹੁੰਚ ਕੀਤੀ ਗਈ ਸੀ, ਜਿਨ੍ਹਾਂ ਨੇ ਪੰਜਾਬੀਆਂ ਅਤੇ ਖ਼ਾਸਕਰ ਸਿੱਖਾਂ ਨੂੰ ਬਣਦੀ ਮਾਨਤਾ ਦੇਣ ਦਾ ਵਾਅਦਾ ਕੀਤਾ ਸੀ। ਹੁਣ ਦੁਬਾਰਾ ਮੌਜੂਦਾ ਉਪ ਰਾਜਪਾਲ ਨੂੰ ਇਸ ਸਬੰਧੀ ਯਾਦ ਦਿਵਾਇਆ ਗਿਆ ਹੈ, ਤਾਂ ਜੋ ਸਿੱਖ ਅਜ਼ਾਦੀ ਘੁਲਾਟੀਆਂ ਨੂੰ ਮਾਣ-ਸਤਿਕਾਰ ਮਿਲ ਸਕੇ।
ਡਾ. ਰੂਪ ਸਿੰਘ ਨੇ ਦੱਸਿਆ ਕਿ ਹਾਲ ਹੀ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਦਾ ਇਕ ਵਫ਼ਦ ਅੰਡੇਮਾਨ-ਨਿਕੋਬਾਰ ਦਾ ਦੌਰਾ ਕਰਕੇ ਪਰਤਿਆ ਹੈ। ਉਨ੍ਹਾਂ ਦੱਸਿਆ ਕਿ ਕਾਲੇਪਾਣੀ ਦੇ ਅਜ਼ਾਦੀ ਘੁਲਾਟੀਏ ਸਿੱਖਾਂ ਤੇ ਪੰਜਾਬੀਆਂ ਬਾਰੇ ਸ਼੍ਰੋਮਣੀ ਕਮੇਟੀ ਇਕ ਖੋਜ ਕਾਰਜ ਵੀ ਕਰਵਾ ਰਹੀ ਹੈ, ਜਿਸ ਦੇ ਜਲਦ ਮੁਕੰਮਲ ਹੋਣ ਦੀ ਆਸ ਹੈ। ਇਸ ਵਿਚ ਕਾਲੇਪਾਣੀ ਦੀਆਂ ਸਜ਼ਾਵਾਂ ਕੱਟਣ ਵਾਲੇ ਸਿੱਖਾਂ ਤੇ ਪੰਜਾਬੀਆਂ ਦੀ ਵਿੱਥਿਆ ਦਰਜ ਹੋਵੇਗੀ।
ਇਹ ਵੀ ਪੜੋ: ਜ਼ਿਮਨੀ ਚੋਣਾਂ ਸਬੰਧੀ ਪੰਜਾਬ ਕਾਂਗਰਸ ਕਮੇਟੀ ਦੀ ਬੈਠਕ ਜਾਰੀ
ਉਨ੍ਹਾਂ ਕਿਹਾ ਕਿ ਸੈਲੂਲਰ ਜ਼ੇਲ੍ਹ ਮੁੱਖ ਤੌਰ ’ਤੇ ਪੰਜਾਬ ਦੇ ਅਜ਼ਾਦੀ ਘੁਲਾਟੀਆਂ ਨਾਲ ਜਾਣੀ ਜਾਂਦੀ ਹੈ, ਪਰ ਇਹ ਤਲਖ਼ ਸੱਚ ਹੈ ਕਿ ਅਜੇ ਤੱਕ ਇਨ੍ਹਾਂ ਨੂੰ ਬਣਦਾ ਮਾਣ ਹਾਸਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਯਤਨ ਹੈ ਕਿ ਕਾਲੇਪਾਣੀ ਦੀਆਂ ਸਜ਼ਾਵਾਂ ਕੱਟਣ ਵਾਲੇ ਯੋਧਿਆਂ ਦੇ ਯੋਗਦਾਨ ਨੂੰ ਵੱਧ ਤੋਂ ਵੱਧ ਉਭਾਰਿਆ ਜਾਵੇ। ਇਸੇ ਮਨਸ਼ਾ ਅਨੁਸਾਰ ਹੀ ਪੋਰਟ ਬਲੇਅਰ ਦੇ ਇਕ ਟਾਪੂ ਦਾ ਨਾਂ ਡਾ. ਦੀਵਾਨ ਸਿੰਘ ਕਾਲੇਪਾਣੀ ਤੇ ਸੜਕ ਦਾ ਨਾਂ ਬਾਬਾ ਸੋਹਣ ਸਿੰਘ ਭਕਨਾ ਨੂੰ ਸਮਰਪਿਤ ਕਰਨ ਦੀ ਤਜਵੀਜ਼ ਅੰਡੇਮਾਨ-ਨਿਕੋਬਾਰ ਦੇ ਉਪ ਰਾਜਪਾਲ ਨੂੰ ਭੇਜੀ ਗਈ ਹੈ। ਇਸ ਦੇ ਨਾਲ ਹੀ ਖੋਜ ਕਾਰਜਾਂ ਦੀ ਵੀ ਨਿਰੰਤਰਤਾ ਬਣੀ ਹੋਈ ਹੈ।