ਅੰਮ੍ਰਿਤਸਰ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ 1 ਅਗਸਤ ਨੂੰ ਪਾਕਿਸਤਾਨ ਤੋਂ ਸਜਾਏ ਜਾਣ ਵਾਲੇ ਕੌਮਾਂਤਰੀ ਨਗਰ ਕੀਰਤਨ ਦੇ ਅਗਾਊਂ ਪ੍ਰਬੰਧਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 4 ਮੈਂਬਰੀ ਵਫ਼ਦ 27 ਜੁਲਾਈ ਨੂੰ ਪਾਕਿਸਤਾਨ ਭੇਜਿਆ ਜਾ ਰਿਹਾ ਹੈ, ਜਦ ਕਿ ਬਾਕੀ ਸ਼ਰਧਾਲੂ 30 ਜੁਲਾਈ ਨੂੰ ਰਵਾਨਾ ਹੋਣਗੇ। ਇਹ ਵਫ਼ਦ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਗੁਰਮੀਤ ਸਿੰਘ ਬੂਹ, ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ ਸ਼ਾਮਲ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ 30 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਸ ਦੇ ਭੋਗ ਮਗਰੋਂ 1 ਅਗਸਤ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। ਇਸ ਤੋਂ ਇਲਾਵਾ ਲੌਂਗੋਵਾਲ ਨੇ ਕਿਹਾ ਕਿ ਨਗਰ ਕੀਰਤਨ ਦਾ ਭਾਰਤ ਵਿਚਲਾ ਰੂਟ ਲਗਭਗ ਤੈਅ ਕਰ ਲਿਆ ਹੈ ਤੇ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਅਟਾਰੀ ਵਿਖੇ ਸਵਾਗਤੀ ਪ੍ਰਬੰਧ ਵੀ ਮੁਕੰਮਲ ਕੀਤੇ ਜਾ ਚੁੱਕੇ ਹਨ।