ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰੱਖੜੀ ਅੰਮ੍ਰਿਤਸਰ: ਜਿਥੇ ਦੇਸ਼ ਭਰ ਵਿਚ ਰੱਖੜੀ ਦਾ ਤਿਉਹਾਰ ਬੜੇ ਹੀ ਚਾਅ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਅੱਜ ਅੰਮ੍ਰਿਤਸਰ ਦੇ ਬਜ਼ਾਰਾਂ 'ਚ ਭੈਣਾਂ ਆਪਣੇ ਭਰਾਵਾਂ ਲੱਈ ਰੱਖੜੀਆਂ ਖਰੀਦ ਕਰਦੀਆਂ ਨਜ਼ਰ ਆਈਆ। ਇਸ ਮੌਕੇ ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਜ਼ਾਰ 'ਚ ਵੱਖ-ਵੱਖ ਕਿਸਮਾਂ ਦੇ ਨਵੇ ਡਿਜ਼ਾਇਨ ਦੀਆਂ ਰੱਖੜੀਆਂ ਬਜ਼ਾਰਾਂ ਵਿਚ ਵਿਕਣ ਲਈਆਂ ਆਈਆਂ ਹਨ।
ਸੋਸ਼ਲ ਮੀਡੀਆ ਨੂੰ ਧਿਆਨ ਵਿੱਚ ਰੱਖਦੇ ਹੋਏ ਰੱਖੜੀ ਤਿਆਰ:ਉਨ੍ਹਾਂ ਦੱਸਿਆ ਕਿ ਲੋਕ ਇਹਨਾਂ ਰੱਖੜੀਆਂ ਨੂੰ ਆਪਣੀ ਇੱਛਾ ਅਨੁਸਾਰ ਖਰੀਦ ਕੇ ਲੈ ਕੇ ਜਾ ਰਹੇ ਹਨ ਪਰ ਇਸ ਵਾਰ ਬਜ਼ਾਰਾਂ ਦੇ ਵਿੱਚ ਅੱਖ ਵਾਲੀ ਰੱਖੜੀ ਲੋਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਕੰਪਨੀਆਂ ਵੱਲੋ ਸੋਸ਼ਲ ਮੀਡੀਆ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖਰੀ ਤਰਾਂ ਦੀ ਰੱਖੜੀਆਂ ਤਿਆਰ ਕੀਤੀਆਂ ਗਈਆਂ ਹਨ। ਜਿਸ 'ਚ ਰੱਖੜੀਆਂ ਦੇ ਨਾਮ ਸੋਸ਼ਲ ਮੀਡੀਆਂ ਮਾਧਿਆਮਾਂ ਦੀ ਤਰ੍ਹਾਂ ਦਿੱਤੇ ਗਏ ਹਨ।
ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਦੀ ਕਾਫੀ ਮੰਗ : ਦੁਕਾਨਦਾਰ ਨੇ ਦੱਸਿਆ ਕਿ ਇਸ ਵਾਰ ਕੰਪਨੀਆਂ ਵਲੋਂ ਗੂਗਲ ਨਾਂ ਦੀ ਰੱਖੜੀ, ਫੇਸਬੁੱਕ ਨਾਂ ਦੀ ਰੱਖੜੀ, ਵ੍ਹਟਸਐਪ ਨਾਂ ਦੀ ਰੱਖੜੀ, ਯੂ ਟਿਊਬ ਨਾਂ ਦੀ ਰੱਖੜੀਆਂ ਤਿਆਰ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਦੁਕਾਨਦਾਰ ਨੇ ਦੱਸਿਆ ਕਿ ਇਸ ਵਾਰ ਵੀ ਲੋਕਾਂ ਦੀ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਦੀ ਕਾਫੀ ਮੰਗ ਕੀਤੀ ਜਾ ਰਹੀ ਹੈ ਪਰ ਕੁਝ ਕੰਪਨੀਆਂ ਵਲੋਂ ਇਹ ਰੱਖੜੀ ਤਿਆਰ ਨਹੀਂ ਕੀਤੀ ਗਈ। ਜਿਸ ਕਾਰਨ ਕਿਤੇ ਨਾ ਕਿਤੇ ਲੋਕਾਂ 'ਚ ਇਸ ਗੱਲ ਦੀ ਨਿਰਾਸ਼ਾ ਵੀ ਜ਼ਰੂਰ ਹੈ।
ਨਨਾਣਾਂ ਵਲੋਂ ਆਪਣੀ ਭਰਜਾਈ ਲਈ ਰੱਖੜੀਆਂ ਦੀ ਮੰਗ: ਉਨ੍ਹਾਂ ਕਿਹਾ ਕਿ ਇਸ ਵਾਰ ਵੀ ਚਾਈਨਾ ਦੀ ਰੱਖੜੀ ਮਾਰਕੀਟ ਵਿੱਚ ਛਾਈ ਹੋਈ ਹੈ ਕਿਉਂਕਿ ਇਹ ਰੱਖੜੀ ਸਸਤੀ ਪੈਂਦੀ ਹੈ। ਦੁਕਾਨਦਾਰ ਨੇ ਕਿਹਾ ਕਿ ਭਰਜਾਈਆਂ ਦੇ ਲਈ ਵੀ ਇਸ ਵਾਰ ਰੱਖੜੀ ਦੀ ਬਜ਼ਾਰ ਵਿਚ ਬਹੁਤ ਮੰਗ ਹੈ। ਨਨਾਣ ਵਲੋਂ ਆਪਣੀ ਭਰਜਾਈ ਲਈ ਰੱਖੜੀਆਂ ਦੀ ਮੰਗ ਨੂੰ ਦੇਖਦਿਆਂ ਇਸ ਵਾਰ ਸਪੈਸ਼ਲ ਰੱਖੜੀ ਮਾਰਕੀਟ ਵਿੱਚ ਆਈ ਹੋਈ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਲਈ ਵੀ ਖਾਸ ਤੌਰ 'ਤੇ ਸਪੈਸ਼ਲ ਰੱਖਣੀ ਤਿਆਰ ਕੀਤੀਆਂ ਗਈਆਂ ਹਨ।
ਮਹਿੰਗਾਈ ਨੇ ਪਾਇਆ ਤਿਓਹਾਰ 'ਤੇ ਅਸਰ:ਦੁਕਾਨਦਾਰ ਨੇ ਦੱਸਿਆ ਕਿ ਕਾਰਟੂਨ ਦੀ ਫੋਟੋਆਂ ਵਾਲੀ ਰੱਖੜੀ ਛੋਟੇ ਬੱਚਿਆਂ ਲਈ ਆਈ ਹੋਈ ਹੈ। ਜਿਸ 'ਚ ਡੋਰੇ ਮੋਨ , ਮੋਟੂ ਪਤਲੂ, ਛੋਟਾ ਭੀਮ, ਆਇਸ ਕਰੀਮ, ਜਗਮਗ ਕਰਦੀਆਂ ਰੌਸ਼ਨੀਆਂ ਵਾਲੀਆ ਰੱਖੜੀਆਂ ਵੀ ਮਾਰਕੀਟ ਵਿੱਚ ਆਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਮਹਿੰਗਾਈ ਦੀ ਮਾਰ ਹਰ ਤਿਉਹਾਰ ਉਪਰ ਪੈਂਦੀ ਨਜ਼ਰ ਆਉਦੀ ਹੈ। ਜਿਸਦੇ ਚੱਲਦੇ ਹੁਣ ਤਿਉਹਾਰਾਂ ਮੌਕੇ ਬਜ਼ਾਰਾਂ ਵਿਚ ਪਹਿਲੇ ਵਰਗੀ ਚਹਿਲ ਪਹਿਲ ਨਹੀ ਰਹੀ ਪਰ ਫ਼ਿਰ ਵੀ ਲੋਕ ਤਿਓਹਾਰ ਮਨਾਉਣ ਦੇ ਲਈ ਖਰੀਦਾਰੀ ਕਰ ਰਹੇ ਹਨ।