ਅੰਮ੍ਰਿਤਸਰ: ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਮੁਹਿੰਮ ਦੀ ਸ਼ੁਰੂਆਤ ਨੂੰ ਲੈਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਂਝੀ 'ਅਰਦਾਸ' ਕੀਤੀ ਗਈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਲੀਡਰਸ਼ਿਪ ਅਤੇ 35 ਹਜ਼ਾਰ ਦੇ ਕਰੀਬ ਸਕੂਲੀ ਬੱਚੇ ਵੀ ਮੌਜੂਦ ਰਹੇ, ਜਿੰਨ੍ਹਾਂ ਵਲੋਂ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ ਕੀਤਾ ਗਿਆ। ਇਸ ਦੌਰਾਨ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿੰਨ੍ਹਾਂ ਵਲੋਂ ਮੀਡੀਆ ਨਾਲ ਵੀ ਗੱਲਬਾਤ ਕੀਤੀ ਗਈ। ਇਸ ਮੌਕੇ ਜਿਥੇ ਉਨ੍ਹਾਂ ਸਰਕਾਰ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਤਾਂ ਉਥੇ ਹੀ ਐਸਵਾਈਐਲ ਦੇ ਮੁੱਦੇ 'ਤੇ ਆਪਣਾ ਪ੍ਰਤੀਕਰਮ ਵੀ ਦਿੱਤਾ।(Seechewal Reaction on SYL issue)
ਪੰਜਾਬ ਕੋਲ ਨਹੀਂ ਹੈ ਪਾਣੀ: ਇਸ ਦੌਰਾਨ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਬੋਲਦਿਆਂ ਕਿਹਾ ਕਿ ਜਦੋਂ ਸਾਡੇ ਘਰ 'ਚ ਹੀ ਪਾਣੀ ਨਹੀਂ ਹੈ ਤਾਂ ਅਸੀਂ ਹੋਰ ਨੂੰ ਪਾਣੀ ਕਿਸ ਤਰ੍ਹਾਂ ਦੇ ਸਕਦੇ ਹਾਂ। ਉਨ੍ਹਾਂ ਕਿਹਾ ਕਿ ਐਸਵਾਈਐਲ ਦਾ ਮੁੱਦਾ ਬਹੁਤ ਹੀ ਸੰਵੇਦਨਸ਼ੀਲ ਹੈ ਪਰ ਪੰਜਾਬ ਕੋਲ ਤਾਂ ਪਹਿਲਾਂ ਹੀ ਪਾਣੀ ਨਹੀਂ ਹੈ ਤਾਂ ਉਹ ਹੋਰ ਸੂਬੇ ਨੂੰ ਕਿਸ ਤਰ੍ਹਾਂ ਪਾਣੀ ਦੇ ਸਕਦਾ ਹੈ। ਸੀਚੇਵਾਲ ਨੇ ਕਿਹਾ ਕਿ ਪੰਜਾਬ ਕੋਲ ਮਹਿਜ਼ 4.22 ਐੱਮ.ਐੱਮ ਪਾਣੀ ਹੈ, ਜਦਕਿ ਰਾਜਸਥਾਨ ਨੂੰ 8.90 ਐੱਮ.ਐੱਮ ਪਾਣੀ ਜਾ ਰਿਹਾ ਹੈ।