ਅੰਮ੍ਰਿਤਸਰ :ਉੱਤਰ ਭਾਰਤ ਦੀਆਂ 16 ਜਥੇਬੰਦੀਆਂ ਵੱਲੋਂ ਹੜ੍ਹਾਂ ਪੀੜਤ ਰਾਜਾਂ ਨੂੰ ਕੇਂਦਰ ਸਰਕਾਰ ਵਲੋਂ ਨੁਕਸਾਨ ਦੇ ਹਿਸਾਬ ਨਾਲ ਰਾਹਤ ਪੈਕੇਜ ਨਾ ਦੇਣ ਅਤੇ ਹੋਰ ਮੰਗਾਂ ਨੂੰ ਲੈ ਕੇ 22 ਅਗਸਤ ਨੂੰ ਚੰਡੀਗੜ੍ਹ ਵੱਲ ਟਰੈਕਟਰਾਂ ਟਰਾਲੀਆਂ ਨਾਲ ਕੂਚ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਹਨ। ਇਸਦੇ ਮੱਦੇਨਜ਼ਰ ਪੰਜਾਬ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਕਨਵੈਂਸ਼ਨਾਂ ਦਾ ਦੌਰ 16 ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੇ ਮੈਂਬਰ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਹੇਠ ਜਾਰੀ ਹਨ।
16 ਜਥੇਬੰਦੀਆਂ ਵੱਲੋਂ ਕੇਂਦਰ ਖਿਲਾਫ਼ ਚੰਡੀਗੜ੍ਹ ਘੇਰਨ ਦੀ ਤਿਆਰੀ, ਕਨਵੈਂਸ਼ਨ ਦੀ ਤਿਆਰੀ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਜਿਲ੍ਹਾ ਅੰਮ੍ਰਿਤਸਰ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਕਨਵੈਂਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ। 16 ਜਥੇਬੰਦੀਆਂ ਵੱਲੋਂ ਕੇਂਦਰ ਖਿਲਾਫ਼ ਚੰਡੀਗੜ੍ਹ ਘੇਰਨ ਦਾ ਵੀ ਐਲਾਨ ਹੈ।
ਇਹ ਰੱਖੀਆਂ ਮੰਗਾਂ :ਇਸੇ ਤਿਆਰੀਆਂ ਸਬੰਧੀ ਅੱਜ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਬੱਚੀਵਿੰਡ ਵਿੱਚ 3 ਜੋਨਾਂ ਦੀ ਕਨਵੈਨਸ਼ਨ ਤੋਂ ਬਾਅਦ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਪੂਰੇ ਉੱਤਰ ਭਾਰਤ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਕੇਂਦਰ ਸਰਕਾਰ 50 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਜਾਰੀ ਕਰੇ, ਘੱਗਰ ਪਲਾਨ ਮੁਤਾਬਕ ਸਾਰੇ ਦਰਿਆਵਾਂ ਦਾ ਪੱਕਾ ਹੱਲ ਕਰੇ, ਮਾਰੀਆਂ ਗਈਆਂ ਫਸਲਾਂ ਦਾ 50 ਹਜ਼ਾਰ ਪ੍ਰਤੀ ਏਕੜ ਅਤੇ ਮਾਰੇ ਗਏ ਪਸ਼ੂਆਂ ਦਾ ਇੱਕ ਲੱਖ ਰੁਪਏ ਮੁਆਵਜ਼ਾ ਦੇਵੇ। ਇਸ ਤੋਂ ਇਲਾਵਾ ਹੋਰ ਮੰਗਾਂ ਵੀ ਪੂਰੀਆਂ ਕੀਤੀਆਂ ਜਾਣ।
ਇਸ ਮੌਕੇ ਸੰਬੋਧਨ ਵਿੱਚ ਜ਼ੋਨ ਆਗੂ ਗੁਰਲਾਲ ਸਿੰਘ ਕੱਕੜ, ਕੁਲਬੀਰ ਸਿੰਘ ਲੋਪੋਕੇ, ਸੁਖਵਿੰਦਰ ਸਿੰਘ ਕੋਲੋਵਾਲ ਨੇ ਕਿਹਾ ਕਿ ਜਿਨ੍ਹਾਂ ਖੇਤਾਂ ਵਿੱਚ ਹੜ੍ਹਾਂ ਕਾਰਨ ਰੇਤ ਭਰ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਮਾਈਨਿੰਗ ਲਈ ਛੋਟ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਜ਼ਮੀਨ ਨੂੰ ਫਸਲ ਲਗਾਉਣ ਜੋਗਾ ਕਰ ਸਕਣ, ਕਈ ਜਗ੍ਹਾ ਪਾਣੀ ਦੀ ਮਾਰ ਨਾਲ ਹੋਏ ਬੋਰਵੈਲ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ, ਰੁੜ੍ਹ ਗਏ ਖੇਤਾਂ ਦਾ ਸਪੈਸ਼ਲ ਪੈਕੇਜ, ਇੱਕ ਸਾਲ ਲਈ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਵਿਆਜ਼ ਮਾਫ ਕੀਤਾ ਜਾਵੇ, ਐਮ ਐਸ ਪੀ ਗਰੰਟੀ ਕਾਨੂੰਨ ਬਣਾਉਣ ਅਤੇ ਮਨਰੇਗਾ ਸਕੀਮ ਤੁਰੰਤ ਚਾਲੂ ਕਰਨ ਅਤੇ 200 ਦਿਨ ਦਾ ਕੰਮ ਦਿਤਾ ਜਾਵੇ।