ਚੰਡੀਗੜ੍ਹ:ਜੇਲ੍ਹ ਤੋਂ ਰਿਹਾਅ ਹੋਣ ਤੋਂ ਮਗਰੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੀ ਕੈਂਸਰ ਪੀੜਤ ਪਤਨੀ ਨਵਜੌਤ ਕੌਰ ਸਿੱਧੂ ਦੀ ਦੇਖਭਾਲ ਲਈ ਹਸਪਤਾਲ ਵਿੱਚ ਸਮਾਂ ਬਿਤਾ ਰਹੇ ਸਨ। ਅੱਜ ਨਵਜੋਤ ਸਿੱਧੂ ਆਪਣੀ ਕਰਮਭੂਮੀ ਅੰਮ੍ਰਿਤਸਰ ਵਿੱਚ ਸਮਰਥਕਾਂ ਨਾਲ ਮੁਲਾਕਾਤ ਕਰਨਗੇ। ਨਵਜੋਤ ਸਿੱਧੂ ਨੇ ਇਸ ਮੁਲਾਕਾਤ ਸਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕਰਨ ਲਈ ਉਨ੍ਹਾਂ ਦੇ ਸਮਰਥਕ 8 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਗੋਲਡਨ ਗੇਟ 'ਤੇ ਪਹੁੰਚ ਰਹੇ ਹਨ। ਨਵਜੋਤ ਸਿੰਘ ਸਿੱਧੂ ਦਾ ਸ਼ਾਮ ਕਰੀਬ 4 ਵਜੇ ਅੰਮ੍ਰਿਤਸਰ ਵਿੱਚ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਸਿੱਧੂ ਸਿੱਧੇ ਹੋਲੀ ਸਿਟੀ ਸਥਿਤ ਆਪਣੇ ਘਰ ਪਹੁੰਚਣਗੇ। ਉਮੀਦ ਹੈ ਕਿ ਐਤਵਾਰ ਨੂੰ ਉਹ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ, ਦੁਰਗਿਆਣਾ ਮੰਦਰ ਅਤੇ ਸ਼੍ਰੀ ਰਾਮਤੀਰਥ ਵਿਖੇ ਮੱਥਾ ਟੇਕਣ ਜਾਣਗੇ।
ਮਰਹੂਮ ਚੌਧਰੀ ਦੇ ਪਰਿਵਾਰ ਨਾਲ ਮੁਲਾਕਾਤ:ਇਹ ਵੀ ਕਿਹਾ ਜਿ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਆਉਣ ਤੋਂ ਪਹਿਲਾਂ ਅੱਜ ਜਲੰਧਰ ਵਿੱਚ ਹੀ ਰੁਕਣਗੇ। ਜਲੰਧਰ ਵਿੱਚ ਉਹ ਮਰਹੂਮ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਪਰਿਵਾਰ ਨੂੰ ਮਿਲਣਗੇ ਅਤੇ ਦੁੱਖ ਦਾ ਪ੍ਰਗਟਾਵਾ ਕਰਨਗੇ। ਦੱਸ ਦਈਏ ਭਾਰਤ ਜੋੜੋ ਯਾਤਰਾ ਦੌਰਾਨ ਸੰਸਦ ਮੈਂਬਰ ਚੌਧਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਪਰ ਉਦੋਂ ਨਵਜੋਤ ਸਿੰਘ ਸਿੱਧੂ ਜੇਲ੍ਹ ਵਿੱਚ ਸਨ ਅਤੇ ਉਹ ਪਰਿਵਾਰ ਨੂੰ ਨਹੀਂ ਮਿਲ ਸਕੇ ਸਨ। ਇਸ ਤੋਂ ਪਹਿਲਾਂ ਬੀਤੇ ਦਿਨ ਨਵਜੋਤ ਸਿੱਧੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਰੰਜੁਨ ਖੜਗੇ ਨਾਲ ਮੁਲਾਕਾਤ ਕਰਕੇ ਖੁਸ਼ੀ ਅਤੇ ਜੋਸ਼ ਦਾ ਇਜ਼ਹਾਰ ਕੀਤਾ ਸੀ। ਨਵਜੋਤ ਸਿੱਧੂ ਨੇ ਮਲਿਕਰੰਜੁਨ ਖੜਗੇ ਨਾਲ ਕੀਤੀ ਮੁਲਕਾਤ ਸਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਸੀ। ਟਵੀਟ ਕਰਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 9 ਵਾਰ ਵਿਧਾਇਕ ਅਤੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹੇ ਮਲਿਕਰੰਜੁਨ ਖੜਗੇ ਪਛੜੇ ਲੋਕਾਂ ਦੇ ਲਈ ਹਮੇਸ਼ਾ ਇੱਕ ਚੈਂਪੀਅਨ ਦੀ ਤਰ੍ਹਾਂ ਸਹਾਈ ਹੋਏ ਨੇ। ਮਲਿਕਰੰਜੁਨ ਖੜ੍ਹਗੇ ਨੂੰ ਸੱਚ ਦੀ ਆਵਾਜ਼ ਅਤੇ ਭਰੋਸੋਯੋਗਤਾ ਦਾ ਦੂਜਾ ਨਾਂਅ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੇ ਅਸ਼ੀਰਵਾਦ ਲਿਆ ਹੈ। ਉਨ੍ਹਾਂ ਕਿਹਾ ਕਿ ਖੜ੍ਹਗੇ ਪਾਰਟੀ ਵਿੱਚ ਸਕਾਰਾਤਮਕ ਸੋਚ ਅਤੇ ਚੰਗੀ ਕਿਸਮਤ ਲਿਆਉਣ ਵਾਲੇ ਸ਼ਖ਼ਸ ਨੇ।